ਚੰਡੀਗੜ੍ਹ, 24 ਅਗਸਤ — ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਵਿਧਾਨ ਸਭਾ ਵਿੱਚ ਸਿੱਖਾਂ ਦੇ ਨੌਵੇਂ ਗੁਰੂ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਪ੍ਰਸਤਾਵ ਪੇਸ਼ ਕੀਤਾ, ਜੋ ਸਦਨ ਵੱਲੋਂ ਸਰਬਸੰਮਤੀ ਨਾਲ ਪਾਸ ਹੋ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1675 ਵਿੱਚ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸੀਸ ਵਾਰ ਕੇ ਬੇਮਿਸਾਲ ਕੁਰਬਾਨੀ ਦਿੱਤੀ। ਉਨ੍ਹਾਂ ਕਿਹਾ ਕਿ ਸਦਨ ਇਸ ਸ਼ਹੀਦੀ ਸਾਲ ਨੂੰ ਪੂਰੀ ਸ਼ਾਨ-ਸ਼ੌਕਤ ਨਾਲ ਮਨਾਉਣ ਦਾ ਪ੍ਰਣ ਕਰਦਾ ਹੈ।
ਸੈਣੀ ਨੇ ਯਾਦ ਕਰਵਾਇਆ ਕਿ ਗੁਰੂ ਸਾਹਿਬ ਦਾ ਹਰਿਆਣਾ ਨਾਲ ਗਹਿਰਾ ਸਬੰਧ ਰਿਹਾ ਹੈ। ਉਹ ਕੁਰੂਕਸ਼ੇਤਰ, ਪਿਹੋਵਾ, ਕੈਥਲ, ਜੀਂਦ, ਅੰਬਾਲਾ, ਚੀਕਾ ਅਤੇ ਰੋਹਤਕ ਵਰਗੇ ਕਈ ਇਲਾਕਿਆਂ ਵਿੱਚ ਪਧਾਰੇ, ਜਿੱਥੇ ਅੱਜ ਵੀ ਗੁਰਦੁਆਰੇ ਉਨ੍ਹਾਂ ਦੀ ਯਾਦ ਨੂੰ ਸੰਭਾਲੇ ਹੋਏ ਹਨ, ਜਿਵੇਂ ਕਿ ਜੀਂਦ ਵਿੱਚ ਸ੍ਰੀ ਧਮਤਾਨ ਸਾਹਿਬ ਅਤੇ ਸ੍ਰੀ ਮੰਜੀ ਸਾਹਿਬ, ਤੇ ਅੰਬਾਲਾ ਵਿੱਚ ਸ੍ਰੀ ਸ਼ੀਸ਼ਗੰਜ ਸਾਹਿਬ।
ਸਦਨ ਨੇ ਇਸ ਮੌਕੇ ਤੇ ਗੁਰੂ ਸਾਹਿਬ ਦੇ ਨਾਲ-ਨਾਲ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਜੈਤਾ ਜੀ (ਭਾਈ ਜੀਵਨ ਸਿੰਘ ਜੀ) ਦੀ ਵੀਰਤਾ ਤੇ ਕੁਰਬਾਨੀਆਂ ਨੂੰ ਯਾਦ ਕੀਤਾ। ਨਾਲ ਹੀ ਸੋਨੀਪਤ ਦੇ ਪਿੰਡ ਬਡਖਾਲਸਾ ਦੇ ਸ਼ਹੀਦ ਕੁਸ਼ਲ ਸਿੰਘ ਦਹੀਆ ਜੀ ਦੀ ਕੁਰਬਾਨੀ ਨੂੰ ਵੀ ਸਨਮਾਨ ਦਿੱਤਾ ਗਿਆ।