ਰੂਪਨਗਰ, 25 ਅਗਸਤ – ਰੂਪਨਗਰ ਪੁਲਿਸ ਨੇ ਨੂਰਪੁਰ ਬੇਦੀ ਨੇੜਲੇ ਪਿੰਡ ਨੋਧੇਮਾਜਰਾ 'ਚ ਹੋਏ ਇੱਕ ਔਰਤ ਦੇ ਕਤਲ ਮਾਮਲੇ ਨੂੰ ਸਿਰਫ਼ 36 ਘੰਟਿਆਂ ਵਿੱਚ ਸੁਲਝਾਉਂਦਿਆਂ ਦੋਸ਼ੀ ਨੂੰ ਵਾਰਦਾਤ 'ਚ ਵਰਤੇ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਬਾਰੇ ਕਪਤਾਨ ਪੁਲਿਸ (ਡਿਟੈਕਟਿਵ) ਗੁਰਦੀਪ ਸਿੰਘ ਗੋਸਲ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਦੇ ਹੁਕਮਾਂ 'ਤੇ ਲਾਅ ਐਂਡ ਆਰਡਰ ਸਥਿਤੀ ਮਜ਼ਬੂਤ ਕਰਨ ਅਤੇ ਭੈੜੇ ਅਨਸਰਾਂ ਖ਼ਿਲਾਫ਼ ਕਾਰਵਾਈ ਤੇਜ਼ ਕੀਤੀ ਗਈ ਸੀ।
ਪੁਲਿਸ ਅਨੁਸਾਰ, 22 ਅਗਸਤ ਨੂੰ ਪਿੰਡ ਨੋਧੇਮਾਜਰਾ ਦੇ ਜੰਗਲ ਵਾਲੇ ਇਲਾਕੇ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਸੀ। ਮ੍ਰਿਤਕਾ ਦੀ ਭੈਣ ਬਲਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਨੂਰਪੁਰ ਬੇਦੀ ਵਿੱਚ ਮੁਕੱਦਮਾ ਨੰਬਰ 103 ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।
ਤਫ਼ਤੀਸ਼ ਦੌਰਾਨ ਪੁਲਿਸ ਨੇ ਦੋਸ਼ੀ ਦੀ ਪਛਾਣ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਵੀ ਅਪਰਾਧੀ ਤੱਤ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।