ਚੰਡੀਗੜ੍ਹ, 25 ਅਗਸਤ 2025 – ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਏ ਹੜ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਉਲਟਾ ਕੇ ਰੱਖ ਦਿੱਤੀ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਘਰਾਂ ਵਿੱਚ ਰੋਟੀ ਲਈ ਆਟਾ ਅਤੇ ਚਾਹ ਲਈ ਗੁੜ ਵੀ ਨਹੀਂ ਬਚਿਆ। ਅੱਖਾਂ ਵਿਚ ਹੰਝੂ ਅਤੇ ਭਵਿੱਖ ਦੀ ਚਿੰਤਾ – ਇਹੀ ਹਾਲਾਤ ਹਜ਼ਾਰਾਂ ਲੋਕਾਂ ਦੇ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਇਸ ਵਾਰ ਕਰੀਬ ਇੱਕ ਲੱਖ ਏਕੜ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਸਭ ਤੋਂ ਵੱਧ ਨੁਕਸਾਨ ਫ਼ਾਜ਼ਿਲਕਾ ਜ਼ਿਲ੍ਹੇ (32,762 ਏਕੜ) ਅਤੇ ਕਪੂਰਥਲਾ (20,995 ਏਕੜ) ਵਿੱਚ ਹੋਇਆ ਹੈ। ਤਰਨਤਾਰਨ, ਫਿਰੋਜ਼ਪੁਰ, ਮੋਗਾ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵੀ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੁੜ ਤੋਂ ਬਿਜਾਈ ਕਰਨੀ ਪਵੇਗੀ, ਜਿਸ ਨਾਲ ਲਾਗਤ ਵਧੇਗੀ ਅਤੇ ਕਰਜ਼ਿਆਂ ’ਚ ਡੁੱਬੀ ਕਿਸਾਨੀ ਨੂੰ ਵੱਡੀ ਆਰਥਿਕ ਸੱਟ ਲੱਗੇਗੀ। ਇਸੇ ਦੌਰਾਨ, ਡੈਮਾਂ ਤੋਂ ਪਾਣੀ ਛੱਡਣ ਕਾਰਨ ਸਤਲੁਜ ਤੇ ਬਿਆਸ ਦੇ ਕਿਨਾਰੇ ਸੈਂਕੜੇ ਪਿੰਡ ਡੁੱਬ ਗਏ ਹਨ। ਕਈ ਲੋਕ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਪਹੁੰਚ ਗਏ ਹਨ।
ਪਿਛਲੇ ਛੇ ਸਾਲਾਂ ਵਿੱਚ ਇਹ ਤੀਜੀ ਵਾਰੀ ਹੈ ਜਦੋਂ ਹੜ੍ਹਾਂ ਨੇ ਪੰਜਾਬ ਦਾ ਵੱਡਾ ਹਿੱਸਾ ਤਬਾਹ ਕੀਤਾ ਹੈ। 2019 ਅਤੇ 2023 ਵਿੱਚ ਵੀ ਅਜਿਹੀ ਸਥਿਤੀ ਬਣੀ ਸੀ। ਖ਼ਾਸ ਕਰਕੇ ਘੱਗਰ ਦਰਿਆ ਨੇ ਹਮੇਸ਼ਾਂ ਲੋਕਾਂ ਦੀ ਜ਼ਿੰਦਗੀ ਨਰਕ ਬਣਾਈ ਹੈ, ਪਰ ਸਰਕਾਰਾਂ ਵੱਲੋਂ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ।
ਖੇਤ ਮਜ਼ਦੂਰ ਆਗੂਆਂ ਅਨੁਸਾਰ ਸਭ ਤੋਂ ਵੱਧ ਮਾਰ ਗਰੀਬ ਲੋਕਾਂ ਨੂੰ ਪੈਂਦੀ ਹੈ – ਜਿਨ੍ਹਾਂ ਕੋਲ ਨਾ ਪੂੰਜੀ ਹੁੰਦੀ ਹੈ ਤੇ ਨਾ ਹੀ ਮਜ਼ਦੂਰੀ ਬਚਦੀ ਹੈ। ਇਸ ਤੋਂ ਇਲਾਵਾ ਪਸ਼ੂਧਨ ਦੇ ਨੁਕਸਾਨ, ਬਿਮਾਰੀਆਂ ਦੇ ਫੈਲਾਅ ਅਤੇ ਸਰਕਾਰੀ ਮੁਆਵਜ਼ੇ ਲਈ ਲੜਾਈ ਪੀੜਤ ਪਰਿਵਾਰਾਂ ਦੀ ਮੁਸ਼ਕਲ ਹੋਰ ਵਧਾ ਰਹੀ ਹੈ।