ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਮੇਸ਼ਾ ਪੰਥਕ ਰਾਜਨੀਤੀ ਵਿੱਚ ਅਹਿਮ ਅਤੇ ਨੈਤਿਕ ਭੂਮਿਕਾ ਨਿਭਾਈ ਹੈ। ਉਹ ਅੱਜ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਵਾਲੀ ਫੈਡਰੇਸ਼ਨ ਦੀ ਮੀਟਿੰਗ ਵਿੱਚ ਬੋਲ ਰਹੇ ਸਨ।
ਸੁਖਬੀਰ ਬਾਦਲ ਨੇ ਸਾਰੇ ਧੜਿਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਝੰਡੇ ਥੱਲੇ ਇਕਜੁੱਟ ਹੋ ਕੇ ਸਾਂਝੇ ਪੰਥਕ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰਨ। ਉਹਨਾਂ ਭਰੋਸਾ ਦਿੱਤਾ ਕਿ ਫੈਡਰੇਸ਼ਨ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਫੈਡਰੇਸ਼ਨ ਹਮੇਸ਼ਾ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹੀ ਰਹੀ ਹੈ ਅਤੇ ਅਕਾਲੀ ਦਲ ਹੀ ਪੰਥ ਦੀ ਅਸਲ ਨੁਮਾਇੰਦਗੀ ਕਰਦੀ ਹੈ। ਉਹਨਾਂ ਦੱਸਿਆ ਕਿ ਫੈਡਰੇਸ਼ਨ ਨੇ ਸੂਬੇ ਭਰ ਵਿੱਚ ਨਵੀਆਂ ਇਕਾਈਆਂ ਸਥਾਪਿਤ ਕੀਤੀਆਂ ਹਨ ਅਤੇ ਜਲਦੀ ਹੀ ਪੰਥਕ ਕਦਰਾਂ ਕੀਮਤਾਂ ਦੀ ਮਜ਼ਬੂਤੀ ਵਾਸਤੇ ਜ਼ਮੀਨੀ ਪੱਧਰ ’ਤੇ ਲਹਿਰ ਸ਼ੁਰੂ ਕੀਤੀ ਜਾਵੇਗੀ।
ਫੈਡਰੇਸ਼ਨ ਨੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕ੍ਰਿਪਾਨ ਅਤੇ ਸਿਰੋਪਾਓ ਨਾਲ ਸਨਮਾਨ ਵੀ ਕੀਤਾ।