ਅਮਰੀਕਾ ਅਧਾਰਿਤ ਡੇਟਿੰਗ ਐਪ ਟੀ (Tea) ਤੋਂ ਵੱਡਾ ਡਾਟਾ ਲੀਕ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ, 33 ਹਜ਼ਾਰ ਤੋਂ ਵੱਧ ਔਰਤਾਂ ਦੇ ਘਰਾਂ ਦੇ ਪਤੇ ਗੂਗਲ ਮੈਪਸ 'ਤੇ ਉਪਲਬਧ ਹੋ ਗਏ, ਜੋ ਬਾਅਦ ਵਿੱਚ ਗੂਗਲ ਨੇ ਆਪਣੀਆਂ ਨੀਤੀਆਂ ਦੀ ਉਲੰਘਣਾ ਦੱਸਦੇ ਹੋਏ ਹਟਾ ਦਿੱਤੇ।
ਇਸ ਲੀਕ ਤੋਂ ਬਾਅਦ ਇੰਟਰਨੈੱਟ 'ਤੇ ਇੱਕ ਖਤਰਨਾਕ ਆਨਲਾਈਨ ਗੇਮ ਸਾਹਮਣੇ ਆਈ, ਜਿਸ ਵਿੱਚ ਯੂਜ਼ਰਾਂ ਨੂੰ ਔਰਤਾਂ ਦੀਆਂ ਸੈਲਫੀਆਂ ਰੇਟ ਕਰਨ ਲਈ ਕਿਹਾ ਗਿਆ। 4Chan ਵਰਗੇ ਪਲੇਟਫਾਰਮਾਂ 'ਤੇ ਸਿਰਫ਼ ਤਿੰਨ ਹਫ਼ਤਿਆਂ ਵਿੱਚ 12 ਹਜ਼ਾਰ ਤੋਂ ਵੱਧ ਪੋਸਟਾਂ ਕੀਤੀਆਂ ਗਈਆਂ।
ਘਟਨਾ ਤੋਂ ਬਾਅਦ 10 ਤੋਂ ਵੱਧ ਔਰਤਾਂ ਨੇ ਕੰਪਨੀ ਖਿਲਾਫ਼ ਕਲਾਸ ਐਕਸ਼ਨ ਮੁਕੱਦਮਾ ਦਾਇਰ ਕੀਤਾ ਹੈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਐਪ ਨੇ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਲਾਪਰਵਾਹੀ ਨਾਲ ਉਨ੍ਹਾਂ ਨੂੰ ਜੋਖਮ ਵਿੱਚ ਪਾਇਆ।
ਇਹ ਪਹਿਲੀ ਵਾਰ ਨਹੀਂ ਹੈ ਕਿ ਟੀ-ਐਪ ਵਿਵਾਦਾਂ ਵਿੱਚ ਫਸਿਆ ਹੋਵੇ। ਪਹਿਲਾਂ ਵੀ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਐਪ ਨੇ ਸ਼ੱਕੀ ਪ੍ਰਚਾਰਕ ਤਰੀਕਿਆਂ ਦਾ ਸਹਾਰਾ ਲਿਆ ਸੀ, ਜਿਵੇਂ ਫੇਸਬੁੱਕ ਗਰੁੱਪਾਂ ਵਿੱਚ ਘੁਸਪੈਠ ਕਰਨਾ ਜਾਂ ਮਰਦਾਂ ਦੀ ਨਿਗਰਾਨੀ ਲਈ ਔਰਤਾਂ ਦੇ ਨਕਲੀ ਅਕਾਊਂਟ ਵਰਤਣਾ।
ਡਾਟਾ ਲੀਕ ਨਾਲ ਮਾਣਹਾਨੀ ਅਤੇ ਡੌਕਸਿੰਗ ਦੇ ਖ਼ਤਰੇ ਵੱਧ ਗਏ ਹਨ। ਮਾਹਰਾਂ ਦੇ ਅਨੁਸਾਰ, ਕਿਸੇ ਦੀ ਨਿੱਜੀ ਜਾਣਕਾਰੀ ਬਿਨਾਂ ਸਹਿਮਤੀ ਜਨਤਕ ਹੋਣਾ ਉਸਦੀ ਜ਼ਿੰਦਗੀ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਕੰਪਨੀ ਦੀ ਜਵਾਬਦੇਹੀ ਦੀ ਘਾਟ ਕਾਰਨ ਔਰਤਾਂ ਲਈ ਔਨਲਾਈਨ ਸਪੇਸ ਹੋਰ ਵੀ ਅਸੁਰੱਖਿਅਤ ਹੋ ਗਿਆ ਹੈ।