ਬਰਨਾਲਾ, 26 ਅਗਸਤ 2025 : ਬਰਨਾਲਾ ਦੀ ਟਰੱਕ ਯੂਨੀਅਨ ਨਾਲ ਜੁੜੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ। ਇਹ ਮਾਮਲਾ ਉਦੋਂ ਗੰਭੀਰ ਹੋਇਆ ਸੀ ਜਦੋਂ ‘ਆਪ’ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਸਨ।
ਮੀਤ ਹੇਅਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਆਪਣੀ ਇਮਾਨਦਾਰੀ ਸਾਬਤ ਕਰਨ ਦੀ ਲੋੜ ਨਹੀਂ ਹੈ ਅਤੇ ਜੇਕਰ ਕੋਈ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਸਾਬਿਤ ਕਰ ਦੇਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਨੇ ਮੰਨਿਆ ਕਿ ਟਰੱਕ ਯੂਨੀਅਨ ਮਾਮਲੇ ਵਿੱਚ ਗਲਤੀ ਹੋਈ ਸੀ, ਪਰ ਦੱਸਿਆ ਕਿ ਇਹ ਪਟਾਨਾਮਾ ਦੋ ਦਿਨਾਂ ਵਿੱਚ ਹੀ ਰੱਦ ਕਰ ਦਿੱਤਾ ਗਿਆ ਸੀ।
ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਜੇ ਲੋੜ ਪਈ ਤਾਂ ਇਸ ਮਾਮਲੇ ਦੀ ਜਾਂਚ ਲਈ ਉਹ ਖ਼ੁਦ ਤਿਆਰ ਹਨ। ਨਾਲ ਹੀ ਉਨ੍ਹਾਂ ਨੇ ਟਰੱਕ ਆਪਰੇਟਰਾਂ ਦੀ ਸਹਿਮਤੀ ਨੂੰ ਸਭ ਤੋਂ ਜ਼ਰੂਰੀ ਦੱਸਿਆ।
ਵਿਵਾਦ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਵੱਡੇ ਭਰਾ ਹਰਦੀਪ ਸਿੰਘ ਦੇ ਦੋਸ਼ਾਂ 'ਤੇ ਉਨ੍ਹਾਂ ਨੇ ਕਿਹਾ ਕਿ 25 ਅਪ੍ਰੈਲ ਤੋਂ ਬਾਅਦ ਉਨ੍ਹਾਂ ਦਾ ਕੋਈ ਫੋਨ ਸੰਪਰਕ ਨਹੀਂ ਹੋਇਆ।
ਯਾਦ ਰਹੇ ਕਿ ਇਹ ਮਾਮਲਾ ਉਸ ਸਮੇਂ ਉਭਰਿਆ ਜਦੋਂ ਟਰੱਕ ਯੂਨੀਅਨ ਦੀ ਅੱਧਾ ਕਿੱਲਾ ਜ਼ਮੀਨ 35 ਸਾਲ ਲਈ ਕੌਡੀਆਂ ਦੇ ਭਾਅ 'ਤੇ ਦੇਣ ਦੀ ਗੱਲ ਸਾਹਮਣੇ ਆਈ ਸੀ। ਇਸ ਮਾਮਲੇ 'ਚ ਮੀਤ ਹੇਅਰ ਦੇ ਓਐਸਡੀ ਨੇ ਵੀ ਵੀਡੀਓ ਰਾਹੀਂ ਆਪਣਾ ਸਪੱਸ਼ਟੀਕਰਨ ਦਿੱਤਾ ਹੈ।