ਵਾਈਸ ਚਾਂਸਲਰ ਕਰਮਜੀਤ ਸਿੰਘ ਵਿਰੁੱਧ ਮਿਸਾਲੀ ਕਾਰਵਾਈ ਦੀ ਮੰਗ — ਭਾਈ ਰਣਜੀਤ ਸਿੰਘ
ਅੰਮ੍ਰਿਤਸਰ, 14 ਅਗਸਤ:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਸਿੱਖੀ ਦੀ ਵਿਲੱਖਣ ਹੋਂਦ ਉੱਤੇ ਸੱਟ ਮਾਰਨ ਦੇ ਦੋਸ਼ ’ਚ 15 ਦਿਨਾਂ ਅੰਦਰ ਨਿੱਜੀ ਰੂਪ ਵਿੱਚ ਲਿਖਤੀ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ।
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡਾ. ਕਰਮਜੀਤ ਸਿੰਘ ਵਿਰੁੱਧ ਸਖ਼ਤ ਅਤੇ ਮਿਸਾਲੀ ਕਾਰਵਾਈ ਹੋਵੇ ਤਾਂ ਜੋ ਭਵਿੱਖ ’ਚ ਕੋਈ ਹੋਰ ਵਿਅਕਤੀ ਸਿੱਖ ਸਿਧਾਂਤਾਂ ’ਤੇ ਹਮਲਾ ਕਰਨ ਦੀ ਹਿੰਮਤ ਨਾ ਕਰੇ।
ਯਾਦ ਰਹੇ ਕਿ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸੱਥ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡਾ. ਕਰਮਜੀਤ ਸਿੰਘ ਨੂੰ ਸੇਵਾ ਨਿਯਮ ਘੜਨ ਵਾਲੀ ਕਮੇਟੀ ਤੋਂ ਹਟਾ ਦਿੱਤਾ ਸੀ।
ਭਾਈ ਰਣਜੀਤ ਸਿੰਘ ਮੁਤਾਬਕ, ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਡਾ. ਕਰਮਜੀਤ ਸਿੰਘ ਨੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੂੰ ਖੁਸ਼ ਕਰਨ ਲਈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਵੇਦਾਂ ਨਾਲ ਜੋੜ ਕੇ ਸਿੱਖੀ ਦੇ ਨਿਆਰੇਪਨ ਨੂੰ ਨੁਕਸਾਨ ਪਹੁੰਚਾਇਆ ਹੈ, ਜੋ ਸਿੱਖ ਕੌਮ ਲਈ ਅਸਹਿਣਸ਼ੀਲ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਡਾ. ਕਰਮਜੀਤ ਸਿੰਘ ਨੂੰ ਵਾਈਸ ਚਾਂਸਲਰ ਦੇ ਅਹੁਦੇ ਤੋਂ ਵੀ ਤੁਰੰਤ ਹਟਾਇਆ ਜਾਵੇ।