ਗੁਰਦਾਸਪੁਰ, 2 ਅਗਸਤ 2025 – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਿਧੀਪੁਰ ਦੇ ਨੌਜਵਾਨ ਕਿਸਾਨ ਕਰਮਜੀਤ ਸਿੰਘ ਧਾਲੀਵਾਲ ਨੇ ਪਿਛਲੇ 10 ਸਾਲਾਂ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਦੀ ਮਦਦ ਨਾਲ ਪਰਾਲੀ ਪ੍ਰਬੰਧਨ ਰਾਹੀਂ ਮਿੱਟੀ ਦੀ ਸਿਹਤ ਸੁਧਾਰੀ ਹੈ ਅਤੇ ਫ਼ਸਲ ਦੀ ਪੈਦਾਵਾਰ ਵਿੱਚ ਵੀ ਚੋਖਾ ਵਾਧਾ ਕੀਤਾ ਹੈ। ਕਰਮਜੀਤ ਹੈਪੀ ਸੀਡਰ, ਮਲਚਿੰਗ ਅਤੇ ਹੁਣ ਸਰਫੇਸ ਸੀਡਰ ਵਰਗੀਆਂ ਤਕਨੀਕਾਂ ਨਾਲ ਕੰਮ ਕਰ ਰਿਹਾ ਹੈ ਜੋ ਕਿ ਆਧੁਨਿਕ, ਵਾਤਾਵਰਨ ਮਿਤਰ ਅਤੇ ਖਰਚਾ ਘੱਟ ਕਰਨ ਵਾਲੀਆਂ ਵਿਧੀਆਂ ਹਨ।
ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਕਿਸਾਨਾਂ ਲਈ ਕੁਦਰਤ ਵੱਲੋਂ ਮਿਲੀ ਅਨਮੋਲ ਨਿਸ਼ਾਨੀ ਹੈ, ਜਿਸਨੂੰ ਜਲਾਉਣ ਦੀ ਥਾਂ ਖੇਤ ਵਿੱਚ ਮਿਲਾ ਕੇ ਮਿੱਟੀ ਨੂੰ ਸੌਖਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਅਣਗਿਣਤ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਪਰਾਲੀ ਨਾ ਸਾੜੀ ਜਾਵੇ। ਉਨ੍ਹਾਂ ਨੇ 2024 ਵਿੱਚ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਦਦ ਨਾਲ ਕੰਬਾਈਨ ਉੱਪਰ ਡਰਿੱਲ ਨਾਲ ਵੀ ਤਜ਼ਰਬਾ ਕੀਤਾ ਜੋ ਸਫਲ ਰਿਹਾ।
ਕਰਮਜੀਤ ਨੇ ਦੱਸਿਆ ਕਿ ਜਦੋਂ ਹੈਪੀ ਸੀਡਰ ਰਾਹੀਂ ਪਰਾਲੀ ਨੂੰ ਖੇਤ ਵਿੱਚ ਹੀ ਵਰਤਿਆ ਜਾਂਦਾ ਹੈ, ਤਾਂ ਨਾ ਸਿਰਫ਼ ਨਦੀਨਾਂ ਅਤੇ ਕੀੜਿਆਂ ਦੀ ਸਮੱਸਿਆ ਘਟਦੀ ਹੈ, ਸਗੋਂ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘੱਟ ਹੋ ਜਾਂਦੀ ਹੈ। ਹੁਣ ਉਹ ਕੇਵਲ 40 ਕਿੱਲੋ ਡਾਇਆ ਨਾਲ ਹੀ ਕਣਕ ਦੀ ਬਿਜਾਈ ਕਰ ਲੈਂਦਾ ਹੈ।
ਉਹ ਆਖਦਾ ਹੈ ਕਿ ਛੋਟੇ ਕਿਸਾਨਾਂ ਲਈ ਸਰਫੇਸ ਸੀਡਰ ਵਰਗੀਆਂ ਮਸ਼ੀਨਾਂ ਖਾਸ ਤੌਰ ‘ਤੇ ਵਰਦਾਨ ਸਾਬਤ ਹੋ ਰਹੀਆਂ ਹਨ, ਜੋ ਕਿ 35-40 ਹਾਰਸਪਾਵਰ ਵਾਲੇ ਟਰੈਕਟਰ ਨਾਲ ਅਸਾਨੀ ਨਾਲ ਚੱਲਦੀਆਂ ਹਨ। ਪਿਛਲੇ ਸਾਲ ਉਹ ਯੰਗ ਇੰਨੋਵੇਟਿਵ ਫਾਰਮਰ ਗਰੁੱਪ ਦਾ ਸਰਗਰਮ ਮੈਂਬਰ ਵਜੋਂ ਪਿੰਡ ਵਿੱਚ ਪਰਾਲੀ ਨਾ ਸਾੜਣ ਲਈ ਕਈ ਜਾਗਰੂਕਤਾ ਮੁਹਿੰਮਾਂ ਚਲਾ ਚੁੱਕਾ ਹੈ। ਨਤੀਜੇ ਵਜੋਂ, ਪਿੰਡ ਬਿਧੀਪੁਰ ਵਿੱਚ 2024-25 ਦੌਰਾਨ ਪਰਾਲੀ ਸਾੜਨ ਦੀ ਇੱਕ ਵੀ ਘਟਨਾ ਦਰਜ ਨਹੀਂ ਹੋਈ।
ਕਰਮਜੀਤ ਸਿੰਘ ਹੋਰ ਕਿਸਾਨਾਂ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਖੇਤਾਂ ਦੀ ਸਿਹਤ ਸੰਭਾਲਣ, ਪ੍ਰਦੂਸ਼ਣ ਰੋਕਣ ਅਤੇ ਖ਼ਰਚ ਘਟਾਉਣ ਲਈ ਇਨ੍ਹਾਂ ਨਵੀਆਂ ਤਕਨੀਕਾਂ ਨੂੰ ਅਪਣਾਉਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੀ ਹਮਾਇਤ ਦਿੰਦਿਆਂ ਆਖਿਆ ਕਿ ਅਸੀਂ ਸਾਰੇ ਮਿਲ ਕੇ ਗੁਰਦਾਸਪੁਰ ਨੂੰ ਪਰਾਲੀ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਣਾਈਏ।