ਕਪੂਰਥਲਾ, 2 ਅਗਸਤ 2025 – ਜਦਕਿ ਕੁਝ ਦਿਨ ਪਹਿਲਾਂ ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ, ਉਸ ਦੇ ਬਾਵਜੂਦ ਕਪੂਰਥਲਾ ਦੇ ਸਿਵਲ ਹਸਪਤਾਲ ਨੇ ਕੋਈ ਸਿੱਖ ਨਹੀਂ ਲਿਆ। ਇੱਥੇ ਆਕਸੀਜਨ ਪਲਾਂਟ ਲੰਬੇ ਸਮੇਂ ਤੋਂ ਬੰਦ ਪਿਆ ਹੈ ਅਤੇ ਇਨਸਾਨੀ ਜਾਨਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਹਸਪਤਾਲ ਦੀ ਐਸਐਮਓ ਡਾ. ਇੰਦੂਬਾਲਾ ਨੇ ਪੁਸ਼ਟੀ ਕੀਤੀ ਕਿ ਆਕਸੀਜਨ ਯੂਨਿਟ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਬੰਦ ਸੀ। ਉਨ੍ਹਾਂ ਦੱਸਿਆ ਕਿ ਇਸ ਯੂਨਿਟ ਨੂੰ ਚਲਾਉਣ ਲਈ ਨ ਸਿਰਫ਼ ਸਟਾਫ ਦੀ ਘਾਟ ਹੈ, ਸਗੋਂ ਇਥੇ ਚੋਰ ਵਾਰ-ਵਾਰ ਆ ਕੇ ਪਲਾਂਟ ਦੇ ਪਾਈਪ ਆਦਿ ਚੋਰੀ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਪੂਰਾ ਪਲਾਂਟ ਨਾਕਾਰਾ ਹੋ ਗਿਆ ਹੈ, ਪਰ ਫਿਰ ਵੀ ਬਾਹਰੋਂ ਆਕਸੀਜਨ ਸਿਲੰਡਰ ਲੈ ਕੇ ਮਰੀਜ਼ਾਂ ਦੀ ਸੇਵਾ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐਸਐਮਓ ਮੁਤਾਬਕ ਉਨ੍ਹਾਂ ਨੇ ਇਸ ਗੰਭੀਰ ਸਮੱਸਿਆ ਬਾਰੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਜਾਣੂ ਕਰਵਾਇਆ ਹੈ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਵੀ ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਕਈ ਵਾਰ ਕਪੂਰਥਲਾ ਸਿਵਲ ਹਸਪਤਾਲ ਦਾ ਦੌਰਾ ਕਰ ਚੁੱਕੇ ਹਨ, ਪਰ ਆਕਸੀਜਨ ਯੂਨਿਟ ਦੇ ਮੁੱਦੇ ਦੀ ਹਾਲਤ ਜਿਉਂ ਦੀ ਤਿਉਂ ਹੈ।
ਜਿਲ੍ਹੇ ਵਿੱਚ ਸਿਹਤ ਸਹੂਲਤਾਂ ਦੀ ਇਹ ਹਾਲਤ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਬਣ ਚੁੱਕੀ ਹੈ ਕਿ ਅਗਰ ਆਉਣ ਵਾਲੇ ਦਿਨਾਂ ਵਿੱਚ ਐਮਰਜੈਂਸੀ ਆ ਗਈ ਤਾਂ ਮਰੀਜ਼ਾਂ ਦੀ ਜ਼ਿੰਦਗੀ ਦੀ ਜ਼ਿੰਮੇਵਾਰੀ ਕਿਸ ਉੱਤੇ ਹੋਵੇਗੀ?