ਬਠਿੰਡਾ, 1 ਅਗਸਤ 2025:
ਬਠਿੰਡਾ ਦੀ ਧੀ ਅਾਂਚਲ ਭਠੇਜਾ ਨੇ ਇਤਿਹਾਸ ਰਚਦਿਆਂ ਸੁਪਰੀਮ ਕੋਰਟ ਵਿੱਚ ਪਹਿਲੀ ਵਾਰ ਕੇਸ ਦੀ ਪੈਰਵਾਈ ਕਰਕੇ ਪੰਜਾਬ ਨਹੀਂ, ਸਗੋਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਆਪਣੀ ਵਿਦਿਆਰਥਣ ਰਹੀ ਆਂਚਲ ਨੂੰ ਸ਼ਾਬਾਸ਼ ਦਿੰਦਿਆਂ ਨਾਮੀ ਚਿੱਤਰਕਾਰ ਅਤੇ ਅਧਿਆਪਕ ਗੁਰਪ੍ਰੀਤ ਬਠਿੰਡਾ ਨੇ ਕਿਹਾ, "ਸ਼ੁਕਰੀਆ ਧੀਏ, ਤੂੰ ਸਿਰ ਉੱਚਾ ਕੀਤਾ ਹੈ।"
ਆਂਚਲ 6 ਜੂਨ ਨੂੰ ਇੱਕ ਸੰਵਿਧਾਨਕ ਮਾਮਲੇ ਦੀ ਪੈਰਵਾਈ ਕਰਨ ਲਈ ਸੁਪਰੀਮ ਕੋਰਟ ’ਚ ਪੇਸ਼ ਹੋਈ। ਇਹ ਮਾਮਲਾ ਉੱਤਰਾਖੰਡ ਨਿਆਂਇਕ ਸੇਵਾ ਦੇ ਇਸ਼ਤਿਹਾਰ ਵਿਰੁੱਧ ਸੀ, ਜਿਸ ਵਿੱਚ ਪਟੀਸ਼ਨਰ ਵੀ 100% ਨੇਤਰਹੀਣ ਹੈ।
ਨਜ਼ਰਹੀਣ ਹੋਣ ਦੇ ਬਾਵਜੂਦ ਆਂਚਲ ਨੇ ਹਰ ਰੁਕਾਵਟ ਨੂੰ ਪਾਰ ਕਰਦਿਆਂ ਸਿੱਖਿਆ ਦੀ ਰਾਹੀਂ ਆਪਣੇ ਸਪਨੇ ਸਾਕਾਰ ਕੀਤੇ। ਉਹ ਪਹਿਲੀ ਨੇਤਰਹੀਣ ਵਿਦਿਆਰਥਣ ਸੀ ਜਿਸ ਨੇ ਬੈਂਗਲੁਰੂ ਦੇ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਵਿੱਚ ਦਾਖਲਾ ਲਿਆ। ਉਸਨੇ ਆਡੀਓਬੁੱਕਾਂ, ਸਹਾਇਕ ਲੇਖਕ ਅਤੇ ਡਿਜੀਟਲ ਤਕਨੀਕ ਰਾਹੀਂ ਆਪਣੀ ਪੜ੍ਹਾਈ ਪੂਰੀ ਕੀਤੀ।
ਪੜ੍ਹਾਈ ਦੌਰਾਨ ਹੀ ਮਾਂ ਦੇ ਅਚਾਨਕ ਦੇਹਾਂਤ ਅਤੇ ਅੱਖਾਂ ਦੀ ਜੋਤ ਗੁਆਉਣ ਵਰਗੀਆਂ ਮਾੜੀਆਂ ਘੜੀਆਂ ਵੀ ਆਈਆਂ, ਪਰ ਆਂਚਲ ਡਿਗੀ ਨਹੀਂ। ਕਈ ਵੱਡੇ ਹਸਪਤਾਲਾਂ ਦੀ ਨਿਰਾਸ਼ਾ ਤੋਂ ਬਾਅਦ ਵੀ ਉਸ ਨੇ ਆਪਣੇ ਸੰਘਰਸ਼ ਨੂੰ ਜਾਰੀ ਰੱਖਿਆ।
ਹਾਲ ਹੀ ’ਚ, ਸੁਪਰੀਮ ਕੋਰਟ ’ਚ ਪੇਸ਼ ਹੋਣ ਦੀ ਤਜ਼ਰਬੇ ਬਾਰੇ ਆਂਚਲ ਨੇ ਲਿੰਕਡਇਨ ’ਤੇ ਲਿਖਿਆ:
"ਮੈਂ ਚਾਹੁੰਦੀ ਹਾਂ ਕਿ ਮੈਂ ਪਹਿਲੀ ਨਾ ਹੁੰਦੀ। ਇਹ ਰਾਹ ਪਹਿਲਾਂ ਹੀ ਤੈਅ ਹੋਇਆ ਹੁੰਦਾ। ਪਰ ਇਹ ਪਲ ਦੱਸਦੇ ਹਨ ਕਿ ਅਸੀਂ ਸਹੀ ਦਿਸ਼ਾ ਵੱਲ ਵੱਧ ਰਹੇ ਹਾਂ — ਹੌਲੀ ਹੌਲੀ ਪਰ ਪੱਕੇ ਕਦਮਾਂ ਨਾਲ।"