ਅੰਮ੍ਰਿਤਸਰ, 1 ਅਗਸਤ : ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਖ਼ਿਲਾਫ਼ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਈ-ਮੇਲ ਚਿੱਠੀ ਰਾਹੀਂ ਸ਼ਿਕਾਇਤ ਭੇਜੀ ਹੈ। ਜਿਸ ਵਿੱਚ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਵੱਲੋਂ ਲਿਖਿਆ ਗਿਆ ਹੈ ਕਿ ਜਥੇਦਾਰ ਜੀ, ਬੇਨਤੀ ਇਹ ਹੈ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਜੋ ਸਿੱਖ ਵਿਰੋਧੀ ਜਮਾਤ ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਅੱਗੇ ਹਾਜ਼ਰੀ ਭਰ ਕੇ ਉਸ ਦੀ 'ਜੀ ਹਜ਼ੂਰੀ' ਕਰ ਰਹੇ ਹਨ ਅਤੇ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਸਿਧਾਂਤ, ਗਿਆਨ ਅਤੇ ਫ਼ਲਸਫ਼ੇ ਨੂੰ ਸਨਾਤਨ/ਹਿੰਦੂ ਮੱਤ ਦੇ ਵੇਦਾਂ ਨਾਲ ਜੋੜਨਾ ਚਾਹੁੰਦੇ ਹਨ। ਜਿਸ ਬਾਰੇ ਉਹ ਵੀਡੀਓ ਵਿੱਚ ਬੋਲ ਵੀ ਰਹੇ ਹਨ ਕਿ ਉਹਨਾਂ ਨੇ ਇਸ ਕਾਰਜ ਨੂੰ ਪੂਰਾ ਕਰਨ ਲਈ ਗੁਰੂ ਨਾਨਕ ਚੇਅਰ ਸਥਾਪਿਤ ਕਰ ਦਿੱਤੀ ਹੈ। ਇਹ ਇੱਕ ਸਾਜ਼ਿਸ਼ ਤਹਿਤ ਸਿੱਖੀ ਦਾ ਹਿੰਦੂਕਰਨ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਵਾਈਸ ਚਾਂਸਲਰ ਕਰਮਜੀਤ ਸਿੰਘ ਜੋ ਗੁਰੂ ਨਾਨਕ ਯੂਨੀਵਰਸਿਟੀ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਸਿੱਖੀ ਦੇ ਨਿਆਰੇਪਨ, ਅੱਡਰੀ ਹੋਂਦ-ਹਸਤੀ ਅਤੇ ਵਿਲੱਖਣ ਪਹਿਚਾਣ ਉੱਤੇ ਹਮਲੇ ਕਰ ਰਿਹਾ ਹੈ ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ। ਇਹ ਲੋਕ ਸਿੱਖ ਸੰਸਥਾਵਾਂ ਉੱਤੇ ਕਾਬਜ਼ ਹੋ ਕੇ ਵਿੱਦਿਆ ਪ੍ਰਣਾਲੀ ਰਾਹੀਂ ਗੁਰਮਤਿ ਵਿਚਾਰਧਾਰਾ ਨੂੰ ਬਦਲਣ ਅਤੇ ਹਿੰਦੂ ਮੱਤ 'ਚ ਰਲਗੱਡ ਕਰਨਾ ਚਾਹੁੰਦੇ ਹਨ। ਵਾਈਸ ਚਾਂਸਲਰ ਕਰਮਜੀਤ ਸਿੰਘ ਜਿਸ ਤਰ੍ਹਾਂ ਮੋਹਨ ਭਾਗਵਤ ਨੂੰ 'ਸਰ-ਸਰ' ਕਰਕੇ ਉਸ ਦੀ ਚਾਪਲੂਸੀ ਕਰਦਾ ਹੋਇਆ ਆਪਣੇ ਏਜੰਡੇ ਨੂੰ ਬਿਆਨ ਰਿਹਾ ਹੈ ਉਸ ਤੋਂ ਸਾਫ਼ ਜ਼ਾਹਰ ਹੋ ਚੁੱਕਾ ਹੈ ਕਿ ਕਰਮਜੀਤ ਸਿੰਘ ਖ਼ੁਦ ਵੀ ਆਰ.ਐੱਸ.ਐੱਸ. ਦਾ ਹੀ ਮੈਂਬਰ ਹੈ। ਆਰ.ਐੱਸ.ਐੱਸ. ਵੱਲੋਂ ਅਜਿਹੇ ਵਿਅਕਤੀਆਂ ਨੂੰ ਸਿੱਖ ਵਿਚਾਰਧਾਰਾ ਅਤੇ ਸਿੱਖ ਸੰਸਥਾਵਾਂ ਨੂੰ ਤਬਾਹ ਕਰਨ ਲਈ ਹੀ ਫਿੱਟ ਕੀਤਾ ਜਾਂਦਾ ਹੈ। ਆਰ.ਐੱਸ.ਐੱਸ. ਓਹੀ ਫ਼ਿਰਕੂ ਜਮਾਤ ਹੈ ਜਿਸ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਸਾਹਿਬ ਵੀ ਜਾਰੀ ਹੋਇਆ ਸੀ। ਇਹ ਆਰ.ਐੱਸ.ਐੱਸ. ਪਿਛਲੇ ਲੰਬੇ ਸਮੇਂ ਤੋਂ ਸਿੱਖ ਧਰਮ ਉੱਤੇ ਸਿਧਾਂਤਕ ਹਮਲੇ ਕਰ ਰਹੀ ਹੈ ਤੇ ਸਿੱਖਾਂ ਨੂੰ ਹਿੰਦੂ ਆਖਦੀ ਹੈ ਅਤੇ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਦੀ ਹੈ। ਆਰ.ਐੱਸ.ਐੱਸ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦਾ ਜਵਾਬ ਦੇਣ ਦੀ ਬਜਾਏ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਜੋ ਆਰ.ਐੱਸ.ਐੱਸ. ਦਾ ਹਿੱਸਾ ਬਣੇ ਹੋਏ ਹਨ। ਇਸ ਵਰਤਾਰੇ ਉੱਤੇ ਸਿੱਖ ਕੌਮ ਨੂੰ ਸੁਚੇਤ ਅਤੇ ਚੇਤੰਨ ਹੋਣ ਦੀ ਲੋੜ ਹੈ ਅਤੇ ਅਜਿਹੇ ਵਿਅਕਤੀਆਂ ਨੂੰ ਪਹਿਚਾਨਣ ਦੀ ਲੋੜ ਹੈ। ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਵਾਈਸ ਚਾਂਸਲਰ ਕਰਮਜੀਤ ਸਿੰਘ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਵਾਬ-ਤਲਬੀ ਅਤੇ ਕਾਰਵਾਈ ਕੀਤੀ ਜਾਵੇ। ਅਜਿਹੇ ਵਿਅਕਤੀਆਂ ਨੂੰ ਗੁਰੂ ਨਾਨਕ ਯੂਨੀਵਰਸਿਟੀ ਦੇ ਅਹੁਦਿਆਂ ਉੱਤੇ ਬੈਠਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ।
