ਚੰਡੀਗੜ੍ਹ, 30 ਜੁਲਾਈ 2025 – ਨਾਭਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਦੀ 6 ਜੁਲਾਈ ਨੂੰ ਮੋਹਾਲੀ ਕੋਰਟ 'ਚ ਹੋਈ ਪੇਸ਼ੀ ਦੌਰਾਨ ਹੋਈ ਇੱਕ ਗੰਭੀਰ ਘਟਨਾ 'ਤੇ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮੋਹਾਲੀ ਕੋਰਟ ਨੇ ਐਸਐਚਓ ਜਸ਼ਨਪ੍ਰੀਤ ਸਿੰਘ ਵਿਰੁੱਧ ਅਦਾਲਤੀ ਸਟਾਫ਼ ਨਾਲ ਮਾਰਪੀਟ ਦੇ ਮਾਮਲੇ 'ਚ ਕੇਸ ਦਰਜ ਕਰਨ ਦੇ ਹੁਕਮ ਸੋਹਾਣਾ ਪੁਲਿਸ ਨੂੰ ਜਾਰੀ ਕਰ ਦਿੱਤੇ ਹਨ।
ਘਟਨਾ ਦੀ ਪਿਛੋਕੜ
6 ਜੁਲਾਈ 2025 ਨੂੰ ਬਿਕਰਮ ਮਜੀਠੀਆ ਨੂੰ ਰਿਮਾਂਡ 'ਤੇ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਦੌਰਾਨੇ ਪੇਸ਼ੀ, ਐਸਐਚਓ ਜਸ਼ਨਪ੍ਰੀਤ ਸਿੰਘ ਵੱਲੋਂ ਕੋਰਟ ਦੇ ਪੀਅਨ ਨੂੰ ਜਬਰਦਸਤ ਅੰਦਰ ਦਰਵਾਜ਼ਾ ਖੋਲ੍ਹਣ ਲਈ ਦਬਾਅ ਬਣਾਇਆ ਗਿਆ। ਜਦੋਂ ਪੀਅਨ ਨੇ ਜੱਜ ਦੀ ਆਗਿਆ ਤੋਂ ਬਿਨਾਂ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕੀਤਾ, ਤਾਂ ਐਸਐਚਓ ਨੇ ਉਸ ਨਾਲ ਧੱਕਾ ਮੁੱਕੀ ਕੀਤੀ ਅਤੇ ਕੁੱਟਮਾਰ ਵੀ ਕੀਤੀ।
ਕੋਰਟ ਦਾ ਹਸਤਖੇਪ
ਬਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਨੇ ਮੀਡੀਆ ਨੂੰ ਦੱਸਿਆ ਕਿ ਕੋਰਟ ਦੇ ਹੁਕਮ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਦਾਲਤਾਂ ਵਿੱਚ ਕੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪੁਲਿਸ ਵਕੀਲਾਂ ਨੂੰ ਵੀ ਅੰਦਰ ਜਾਣ ਤੋਂ ਰੋਕਦੀ ਸੀ, ਹੁਣ ਤਾਂ ਅਦਾਲਤੀ ਸਟਾਫ਼ ਨਾਲ ਵੀ ਹੱਦ ਦੱਖਲ ਕਰ ਰਹੀ ਹੈ।
ਪਹਿਲਾਂ ਨਾ ਹੋਈ ਕਾਰਵਾਈ, ਹੁਣ ਕੋਰਟ ਦਾ ਸਖ਼ਤ ਰੁਖ
ਕਲੇਰ ਨੇ ਦੱਸਿਆ ਕਿ ਜਦ ਕੋਰਟ ਵੱਲੋਂ ਥਾਣੇ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਲਈ ਲਿਖਿਆ ਗਿਆ, ਤਾਂ ਸੋਹਾਣਾ ਪੁਲਿਸ ਵੱਲੋਂ ਕੋਈ ਇਕਸ਼ਨ ਨਹੀਂ ਲਿਆ ਗਿਆ। ਇਸ ਕਾਰਨ ਹੁਣ ਮੋਹਾਲੀ ਕੋਰਟ ਨੇ ਸਿੱਧਾ ਐਸਐਚਓ ਜਸ਼ਨਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।