ਮੋਰਿੰਡਾ, 30 ਜੁਲਾਈ — ਮੋਰਿੰਡਾ ਨਗਰ ਕੌਂਸਲ ਵਿੱਚ ਸਫਾਈ ਪ੍ਰਣਾਲੀ ਦੀ ਬਦਹਾਲ ਹਾਲਤ ਅਤੇ ਕਰਮਚਾਰੀਆਂ ਦੀ ਲਾਪਰਵਾਹੀ ਨੂੰ ਲੈ ਕੇ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਨੇ ਸਖਤ ਰਵੱਈਆ ਅਖਤਿਆਰ ਕਰਦਿਆਂ ਜੂਨੀਅਰ ਇੰਜੀਨੀਅਰ ਨਰੇਸ਼ ਕੁਮਾਰ ਅਤੇ ਸੈਨਟਰੀ ਇੰਸਪੈਕਟਰ ਵਰਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਨਾਗਰਿਕਾਂ ਵੱਲੋਂ ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ ਅਤੇ ਜਾਇਜ਼ਾ ਦੌਰੇ ਦੌਰਾਨ ਲਾਪਰਵਾਹੀ ਸਾਹਮਣੇ ਆਉਣ 'ਤੇ ਕੀਤੀ ਗਈ। ਅੱਜ ਸਵੇਰੇ ਮੰਤਰੀ ਨੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਹਾਜ਼ਰੀ 'ਚ ਵਾਰਡ ਨੰਬਰ 5, 6, 13, 14, 15, ਚੁੰਨੀ ਰੋਡ, ਪੁਰਾਣਾ ਬੱਸੀ ਰੋਡ ਅਤੇ ਸ਼ਿਵ ਨੰਦਾ ਸਕੂਲ ਰੋਡ ਇਲਾਕਿਆਂ ਦਾ ਅਚਾਨਕ ਦੌਰਾ ਕੀਤਾ। ਦੌਰੇ ਦੌਰਾਨ ਘਰਾਂ ਬਾਹਰ ਕੂੜਾ-ਕਰਕਟ ਦੇ ਢੇਰ ਅਤੇ ਅਣਉਚਿਤ ਸਫਾਈ ਪ੍ਰਬੰਧ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ, ਮੰਤਰੀ ਨੇ ਨਗਰ ਕੌਂਸਿਲ ਦੇ ਕਾਰਜਸਾਧਕ ਅਧਿਕਾਰੀ ਪਰਵਿੰਦਰ ਸਿੰਘ ਭੱਟੀ ਦਾ ਤੁਰੰਤ ਤਬਾਦਲਾ ਕਰਕੇ ਹੋਰ ਥਾਂ ਤਾਇਨਾਤ ਕਰਨ ਦੇ ਹੁਕਮ ਵੀ ਜਾਰੀ ਕੀਤੇ। ਇਸ ਦੌਰਾਨ ਇਲਾਕੇ ਦੇ ਵਾਸੀਆਂ ਨੇ ਲੰਮੇ ਸਮੇਂ ਤੋਂ ਬੰਦ ਸੀਵਰੇਜ ਲਾਈਨਾਂ ਅਤੇ ਘਰਾਂ ਵਿਚ ਵੜ ਰਹੇ ਗੰਦੇ ਪਾਣੀ ਦੀ ਵੀ ਸ਼ਿਕਾਇਤ ਕੀਤੀ। ਮੰਤਰੀ ਨੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਕਪੂਰ ਨੂੰ ਇੱਕ ਮਹੀਨੇ ਦੇ ਅੰਦਰ ਸਾਰੇ ਰੁਕੇ ਹੋਏ ਕੰਮ ਮੁਕੰਮਲ ਕਰਨ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਉਹ ਖੁਦ ਇਕ ਮਹੀਨੇ ਬਾਅਦ ਇਲਾਕੇ ਦਾ ਦੁਬਾਰਾ ਦੌਰਾ ਕਰਕੇ ਕੰਮ ਦੀ ਸਮੀਖਿਆ ਕਰਨਗੇ। ਇਸ ਮੌਕੇ ’ਤੇ ਏ.ਡੀ.ਸੀ. (ਸ਼ਹਿਰੀ) ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਮੋਰਿੰਡਾ ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀ ਤੇ ਸਥਾਨਕ ਆਮ ਆਦਮੀ ਪਾਰਟੀ ਆਗੂ ਵੀ ਮੌਜੂਦ ਸਨ। ਮੋਰਿੰਡਾ ਨਗਰ ਕੌਂਸਲ ਨੂੰ ਲੈ ਕੇ ਆ ਰਹੀਆਂ ਸ਼ਿਕਾਇਤਾਂ ਉਪਰੰਤ ਇਹ ਪਹਿਲੀ ਵੱਡੀ ਕਾਰਵਾਈ ਹੈ, ਜਿਸ ਨਾਲ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਸਰਕਾਰ ਘੱਟੀ ਕਾਰਗੁਜ਼ਾਰੀ ਅਤੇ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ।