ਚੰਡੀਗੜ੍ਹ, 18 ਜੁਲਾਈ 2025 – ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਭੀਖ ਮੰਗਦੇ ਬੱਚਿਆਂ ਦੀ ਸਥਿਤੀ ਨੂੰ ਲੈ ਕੇ ਗੰਭੀਰਤਾ ਦਿਖਾਉਂਦੇ ਹੋਏ ਕਿਹਾ ਹੈ ਕਿ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹਨ, ਤਾਂ ਪਹਿਲਾਂ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਵੇਗੀ। ਪਰ ਜੇਕਰ ਉਹ ਫਿਰ ਵੀ ਨਾ ਮੰਨਣ, ਤਾਂ ਉਨ੍ਹਾਂ ਨੂੰ ਅਯੋਗ ਸਰਪ੍ਰਸਤ ਘੋਸ਼ਿਤ ਕਰਕੇ ਬੱਚਿਆਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ।
ਇਹ ਕਦਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜੀਵਨਜੋਤ ਪ੍ਰੋਜੈਕਟ-2 ਦੇ ਤਹਿਤ ਚੁੱਕਿਆ ਗਿਆ ਹੈ, ਜਿਸਦਾ ਮਕਸਦ ਸੜਕਾਂ 'ਤੇ ਭੀਖ ਮੰਗ ਰਹੇ ਬੱਚਿਆਂ ਨੂੰ ਬਚਾਉਣਾ ਹੈ। ਸਿਰਫ਼ ਦੋ ਦਿਨਾਂ ਵਿੱਚ ਹੀ 18 ਥਾਵਾਂ 'ਤੇ ਛਾਪੇ ਮਾਰ ਕੇ 41 ਬੱਚਿਆਂ ਨੂੰ ਰਾਹਤ ਦਿੱਤੀ ਗਈ ਹੈ।
ਬਠਿੰਡਾ 'ਚ ਮਿਲੇ ਕੁਝ ਬੱਚਿਆਂ ਦੀ ਪਛਾਣ ਨੂੰ ਲੈ ਕੇ ਸ਼ੱਕ ਜਤਾਇਆ ਗਿਆ ਹੈ। ਇਸ ਸਬੰਧੀ ਉਹਨਾਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਉਹ ਆਪਣੇ ਅਸਲੀ ਮਾਪਿਆਂ ਕੋਲ ਹਨ ਜਾਂ ਨਹੀਂ। ਟੈਸਟ ਰਿਪੋਰਟ ਆਉਣ ਤੱਕ ਇਹ ਬੱਚੇ ਬਾਲ ਸੁਧਾਰ ਘਰਾਂ ਵਿੱਚ ਰੱਖੇ ਜਾਣਗੇ।
ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਗਿਰੋਹ ਜਾਂ ਰੈਕੇਟ ਅਜਿਹੇ ਕੰਮ 'ਚ ਸ਼ਾਮਲ ਪਾਇਆ ਗਿਆ, ਤਾਂ ਉਨ੍ਹਾਂ ਨੂੰ 5 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।
ਪਿਛਲੇ 9 ਮਹੀਨਿਆਂ ਵਿੱਚ 350 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾ ਕੇ ਸਕੂਲਾਂ ਅਤੇ ਹੋਰ ਸੰਸਥਾਵਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਵਿੱਚੋਂ 30 ਬੱਚਿਆਂ ਨੂੰ 4000 ਰੁਪਏ ਮਹੀਨਾ ਸਪਾਂਸਰਸ਼ਿਪ, ਅਤੇ 16 ਬੱਚਿਆਂ ਨੂੰ 1500 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਡੀ.ਸੀ.ਪੀ.ਓ. ਵੱਲੋਂ ਹਰ ਤਿੰਨ ਮਹੀਨਿਆਂ 'ਚ ਇਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ।
ਹਾਲਾਂਕਿ, ਸਰਕਾਰ ਨੂੰ 57 ਅਜਿਹੇ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ ਜੋ ਹੁਣ ਸਕੂਲਾਂ ਤੋਂ ਗਾਇਬ ਹਨ। ਇਹ ਮਾਮਲਾ ਵੀ ਜਾਂਚ ਹੇਠ ਹੈ।