ਚੰਡੀਗੜ੍ਹ, 17 ਜੁਲਾਈ 2025 –
ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ SSP UT ਚੰਡੀਗੜ੍ਹ ਨੂੰ ਚਿੱਠੀ ਲਿਖ ਕੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਖ਼ਿਲਾਫ਼ ਫੌਜਦਾਰੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਦੱਸਿਆ ਕਿ 25 ਜੂਨ 2025 ਨੂੰ ਸਵੇਰੇ 10:15 ਵਜੇ ਲਗਭਗ 20 ਵਿਅਕਤੀ, ਜੋ ਸਿਵਲ ਕੱਪੜਿਆਂ 'ਚ ਸਨ, ਬਿਨਾਂ ਸਰਚ ਵਾਰੰਟ ਅਤੇ ਪਛਾਣ ਦਿਖਾਏ ਉਨ੍ਹਾਂ ਦੀ ਸੈਕਟਰ 4 ਸਥਿਤ ਰਿਹਾਇਸ਼ 'ਚ ਦਾਖਲ ਹੋਏ।
ਗਨੀਵ ਕੌਰ ਅਨੁਸਾਰ, ਉਨ੍ਹਾਂ ਦੇ ਘਰ ਵਿਚ ਬਜ਼ੁਰਗ ਮਾਤਾ ਅਤੇ ਘਰੇਲੂ ਨੌਕਰ ਮੌਜੂਦ ਸਨ, ਜਿਨ੍ਹਾਂ ਨੂੰ ਡਰਾਇਆ ਗਿਆ। ਵਿਜੀਲੈਂਸ ਟੀਮ ਨੇ ਘਰ ਦੇ ਅਲਮਾਰੀਆਂ, ਪਰਸ ਅਤੇ ਸਮਾਨ ਦੀ ਤਲਾਸ਼ੀ ਲਈ ਘਰ ਦੀ ਵਿਅਥਾ ਕਰ ਦਿੱਤੀ।
ਜਦੋਂ ਵਕੀਲ ਵੱਲੋਂ ਸਰਚ ਵਾਰੰਟ ਅਤੇ ਪਛਾਣ ਮੰਗੀ ਗਈ, ਤਾਂ ਸਿਰਫ SSP ਅਰੁਣ ਸੈਣੀ ਨੇ ਆਪਣਾ ਨਾਂ ਦੱਸਿਆ ਪਰ ID ਕਾਰਡ ਨਹੀਂ ਦਿਖਾਇਆ।
ਗਨੀਵ ਕੌਰ ਨੇ SSP ਨੂੰ ਦਿੱਤੀ ਸ਼ਿਕਾਇਤ 'ਚ ਧਾਰਾ 329, 330, 331, 332, 333, 198, 201 ਅਤੇ 61(2) ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਰੋਪ ਲਾਇਆ ਕਿ ਇਹ ਕਾਰਵਾਈ ਗੈਰਕਾਨੂੰਨੀ, ਜ਼ਬਰਦਸਤੀ ਅਤੇ ਸਿਆਸੀ ਬਦਲੇ ਦੀ ਨੀਤ 'ਤੇ ਆਧਾਰਤ ਸੀ।
ਉਨ੍ਹਾਂ ਮੰਗ ਕੀਤੀ ਕਿ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਜਿੰਨੇ ਵੀ ਅਧਿਕਾਰੀ ਇਸ ਵਿੱਚ ਸ਼ਾਮਿਲ ਹਨ, ਉਨ੍ਹਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।