ਫਿਰੋਜ਼ਪੁਰ, 16 ਜੁਲਾਈ 2025:
ਸਿੱਖਿਆ ਵਿਭਾਗ ਪੰਜਾਬ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਵਿੱਚ ਸਥਿਤ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਵਿਦਿਆਰਥਣਾਂ ਨਾਲ ਜਿਨਸੀ ਸੋਸ਼ਣ ਅਤੇ ਛੇੜਛਾੜ ਦੇ ਗੰਭੀਰ ਦੋਸ਼ਾਂ ਦੇ ਚਲਦੇ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮਨੀਲਾ ਅਰੋੜਾ ਨੇ ਪੁਸ਼ਟੀ ਕੀਤੀ ਕਿ ਘੱਟੋ-ਘੱਟ 12 ਵਿਦਿਆਰਥਣਾਂ ਵੱਲੋਂ ਲਿਖਤੀ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਉਕਤ ਅਧਿਆਪਕ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਜਾਂਚ ਕਮੇਟੀ ਵੀ ਗਠਿਤ ਕੀਤੀ ਗਈ ਹੈ, ਜਿਸ ਵਿੱਚ ਮਨੀਲਾ ਅਰੋੜਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਹਰਜੋਤ ਕੌਰ, ਅਤੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਰੁਚਿਕਾ ਨੰਦਾ ਸ਼ਾਮਲ ਹਨ। ਇਹ ਕਮੇਟੀ ਸਕੂਲ ਪਹੁੰਚੀ ਅਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕਰਕੇ ਤੱਥ ਇਕੱਠੇ ਕਰ ਰਹੀ ਹੈ।
ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਜੇ ਤਕ 8 ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਸੂਤਰਾਂ ਅਨੁਸਾਰ, ਇੱਕ ਹੋਰ ਅਧਿਆਪਕ 'ਤੇ ਵੀ ਦੋਸ਼ ਲਗਾਏ ਗਏ ਹਨ ਕਿ ਉਹ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੀੜਤ ਵਿਦਿਆਰਥਣਾਂ ਦੇ ਮਾਪਿਆਂ ਨੇ ਕੇਵਲ ਮੁਅੱਤਲ ਅਧਿਆਪਕ ਹੀ ਨਹੀਂ, ਸਗੋਂ ਸਕੂਲ ਦੇ ਹੋਰ ਕਈ ਸਟਾਫ ਮੈਂਬਰਾਂ, ਜਿਨ੍ਹਾਂ ਨੇ ਬੱਚਿਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਵਿਰੁੱਧ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਡੀਸੀ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਮੇਟੀ ਦੀ ਰਿਪੋਰਟ ਆਉਣ 'ਤੇ ਸਖ਼ਤ ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।