ਧਨਬਾਦ, 14 ਜੁਲਾਈ 2025 – ਝਾਰਖੰਡ ਦੇ ਕੋਇਲਾ ਖੇਤਰ ਧਨਬਾਦ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਰਾਬ ਦੀਆਂ 802 ਬੋਤਲਾਂ ਦੀ ਕਮੀ ਨੂੰ ਠੇਕੇਦਾਰਾਂ ਨੇ ਚੂਹਿਆਂ ਉੱਤੇ ਠੀਕਰਾ ਫੋੜਦਿਆਂ ਕਿਹਾ ਕਿ "ਚੂਹੇ ਸ਼ਰਾਬ ਪੀ ਗਏ ਹਨ"।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਝਾਰਖੰਡ ਸਰਕਾਰ ਵੱਲੋਂ ਨਵੀਂ ਸ਼ਰਾਬ ਨੀਤੀ ਲਾਗੂ ਕਰਨ ਤੋਂ ਪਹਿਲਾਂ ਸਟਾਕ ਦੀ ਗਿਣਤੀ ਕੀਤੀ ਜਾ ਰਹੀ ਸੀ। ਦੋ ਠੇਕਿਆਂ ਦੀ ਜਾਂਚ ਦੌਰਾਨ ਬਹੁਤ ਸਾਰੀਆਂ ਬੋਤਲਾਂ ਖਾਲੀ ਮਿਲੀਆਂ ਜਾਂ ਉਨ੍ਹਾਂ ਵਿੱਚ ਸ਼ਰਾਬ ਦੀ ਮਾਤਰਾ ਘੱਟ ਸੀ। ਕਈ ਬੋਤਲਾਂ ਦੇ ਢੱਕਣ ਛੇਦੇ ਹੋਏ ਸਨ।
ਜਦੋਂ ਪੁੱਛਗਿੱਛ ਹੋਈ, ਤਾਂ ਠੇਕੇ ਚਲਾਉਣ ਵਾਲੀ ਕੰਪਨੀ ਦੇ ਮੁਲਾਜਮਾਂ ਨੇ ਦਲੀਲ ਦਿੱਤੀ ਕਿ ਚੂਹੇ ਢੱਕਣ ਟੋੜ ਕੇ, ਪੂਛ ਡੁਬੋ ਕੇ ਸ਼ਰਾਬ ਪੀ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੋਸ਼ਿਸ਼ਾਂ ਦੌਰਾਨ ਕਈ ਬੋਤਲਾਂ ਟੁੱਟ ਵੀ ਗਈਆਂ।
ਐਕਸਾਈਜ਼ ਵਿਭਾਗ ਦੇ ਅਧਿਕਾਰੀ ਰਾਮਲੀਲਾ ਰਵਾਨੀ ਨੇ ਕਿਹਾ ਕਿ ਭਾਵੇਂ ਬੋਤਲਾਂ ਗਾਇਬ ਹੋਣ ਜਾਂ ਟੁੱਟਣ, ਨੁਕਸਾਨ ਦੀ ਭਰਪਾਈ ਕੰਪਨੀ ਨੂੰ ਕਰਨੀ ਪਵੇਗੀ।
ਇਹ ਕੋਈ ਪਹਿਲਾ ਮਾਮਲਾ ਨਹੀਂ। 2021 ਵਿੱਚ ਏਟਾ (ਉੱਤਰ ਪ੍ਰਦੇਸ਼) ਤੋਂ 1400 ਪੇਟੀਆਂ ਸ਼ਰਾਬ ਗਾਇਬ ਹੋਣ ਮਗਰੋਂ ਵੀ ਚੂਹਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਅਜਿਹੇ ਹੀ ਕਈ ਮਾਮਲੇ ਫਾਰੂਖਾਬਾਦ, ਛਿੰਦਵਾੜਾ (ਮੱਧ ਪ੍ਰਦੇਸ਼) ਅਤੇ ਆਗਰਾ ਨੇੜੇ ਮਿਲੇ ਹਨ, ਜਿੱਥੇ ਚੂਹਿਆਂ 'ਤੇ ਗਾਂਜਾ ਅਤੇ ਸ਼ਰਾਬ ਖਤਮ ਕਰਨ ਦੇ ਦੋਸ਼ ਲੱਗੇ ਹਨ।
ਸਵਾਲ ਬਣਿਆ: ਕੀ ਚੂਹੇ ਵਾਕਈ ਨਸ਼ੇੜੀ ਬਣ ਗਏ ਹਨ ਜਾਂ ਕਿਤੇ ਅਧਿਕਾਰੀਆਂ ਦੇ ਗਲਤ ਕਾਰੋਬਾਰ ਨੂੰ ਓਹਲੇ ਪਾਉਣ ਦੀ ਕੋਸ਼ਿਸ਼?