ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਵਿਦੇਸ਼ ਦੌਰੇ 'ਤੇ ਕੀਤੀ ਆਲੋਚਨਾ 'ਤੇ ਕੇਂਦਰ ਸਰਕਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਸਖ਼ਤ ਬਿਆਨ ਜਾਰੀ ਕਰਕੇ ਮਾਨ ਦੀ ਟਿੱਪਣੀ ਨੂੰ "ਗੈਰ-ਜ਼ਿੰਮੇਵਾਰਾਨਾ" ਅਤੇ "ਅਫ਼ਸੋਸਨਾਕ" ਕਹਿੰਦੇ ਹੋਏ ਆਖਿਆ ਕਿ ਇਹ ਇੱਕ ਉੱਚ ਅਹੁਦੇ ਵਾਲੇ ਰਾਜਨੀਤਿਕ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀ।
ਮਾਨ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪੰਜ ਵਿਦੇਸ਼ੀ ਦੌਰਿਆਂ—ਬ੍ਰਾਜ਼ੀਲ, ਘਾਨਾ, ਤ੍ਰਿਨੀਦਾਦ-ਟੋਬਾਗੋ, ਅਰਜਨਟੀਨਾ ਅਤੇ ਨਾਮੀਬੀਆ—ਤੇ ਤੰਜ਼ ਕਰਦਿਆਂ ਆਖਿਆ ਸੀ ਕਿ ਇਹ ਦੌਰੇ ਲੋਕਾਂ ਦੇ ਮੂਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ "ਮੋਦੀ ਜੀ ਨਵੀਆਂ ਥਾਵਾਂ 'ਤੇ ਤਸਵੀਰਾਂ ਖਿੱਚਾ ਰਹੇ ਹਨ, ਪਰ ਦੇਸ਼ ਵਿੱਚ ਮਹਿਲਾਵਾਂ ਦੀ ਸੁਰੱਖਿਆ, ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਕਿਸਾਨਾਂ ਦੀ ਹਾਲਤ ਬਦਤੋਬਦ ਹੈ।"
ਇਸ 'ਤੇ ਵਿਦੇਸ਼ ਮੰਤਰਾਲੇ ਨੇ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਅਜਿਹੀਆਂ ਟਿੱਪਣੀਆਂ ਤੋਂ ਆਪਣੇ ਆਪ ਨੂੰ ਵੱਖ ਕਰਦੀ ਹੈ ਜੋ ਕਿ ਰਾਜਨੀਤਿਕ ਲਾਭ ਲਈ ਕੀਤੀਆਂ ਜਾਂਦੀਆਂ ਹਨ ਅਤੇ ਭਾਰਤ ਦੇ ਵਿਦੇਸ਼ੀ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਦੌਰੇ ਦੇਸ਼ ਦੇ ਹਿੱਤ ਵਿੱਚ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਰਾਹੀਂ ਕਈ ਮਹੱਤਵਪੂਰਨ ਰਾਜਨੀਤਿਕ ਤੇ ਵਪਾਰਕ ਸਹਿਮਤੀਆਂ ਹੋ ਰਹੀਆਂ ਹਨ।
ਇਹ ਮਾਮਲਾ ਹੁਣ ਕੇਂਦਰ ਅਤੇ ਪੰਜਾਬ ਸਰਕਾਰ ਦਰਮਿਆਨ ਤਣਾਅ ਦਾ ਨਵਾਂ ਮੋੜ ਲੈ ਰਿਹਾ ਹੈ। ਮਾਨ ਦੀ ਟਿੱਪਣੀ ਤੇ ਕੇਂਦਰ ਦੀ ਪ੍ਰਤੀਕਿਰਿਆ ਨੇ ਸਿਆਸੀ ਗਰਮਾਹਟ ਪੈਦਾ ਕਰ ਦਿੱਤੀ ਹੈ।