ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਚੱਲ ਰਹੀ ਲੜੀ ਉੱਤੇ ਚਿੰਤਾ ਪ੍ਰਗਟ ਕਰਦਿਆਂ ਸਿਆਸੀ ਆਗੂਆਂ ਨੂੰ ਇਸ ਕਤਲੇ ਆਮ ਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ ਹੈ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਇਸ ਸਾਲ ਜਨਵਰੀ ਤੋਂ ਹੁਣ ਤੱਕ 19 ਪੁਲਿਸ ਮੁਕਾਬਲਿਆਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਜਿੰਨਾਂ ਵਿੱਚ ਇੱਕੋ ਤਰ੍ਹਾਂ ਦੀ ਕਹਾਣੀ ਸੁਣਾਈ ਜਾਂਦੀ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਜਦੋਂ ਅਸਲਾ ਬਰਾਮਦ ਕਰਵਾਉਣ ਲਈ ਗਏ ਤਾਂ ਉੱਥੇ ਗੋਲੀਬਾਰੀ ਹੋ ਗਈ ਅਤੇ ਉਹ ਨੌਜਵਾਨ ਫੱਟੜ ਹੋ ਗਏ ਜਾਂ ਮਾਰੇ ਗਏ ।
ਜਥੇਦਾਰ ਪੰਜੋਲੀ ਨੇ ਆਖਿਆ ਇਸੇ ਤਰ੍ਹਾਂ ਦੀਆਂ ਕਹਾਣੀਆਂ ਖਾੜਕੂਵਾਦ ਦੌਰਾਨ ਪੁਲਿਸ ਵੱਲੋਂ ਸੁਣਾਈਆਂ ਜਾਂਦੀਆਂ ਸਨ ਪਰ ਬਾਅਦ ਵਿੱਚ ਜਦ ਇਹਨਾਂ ਮੁਕਾਬਲਿਆਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਤਾਂ ਸੈਂਕੜੇ ਪੁਲਿਸ ਮੁਲਾਜ਼ਮਾਂ ਨੂੰ ਅਦਾਲਤਾਂ ਨੇ ਦੋਸ਼ੀ ਮੰਨ ਕੇ ਸਖਤ ਸਜ਼ਾਵਾਂ ਸੁਣਾਈਆਂ।
ਉਹਨਾਂ ਆਖਿਆ ਕਿ ਖਾੜਕੂਵਾਦ ਦੌਰਾਨ ਜਦ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਦਾ ਕਤਲੇਆਮ ਹੋ ਰਿਹਾ ਸੀ ਤਾਂ ਸਿੱਖ ਆਗੂਆਂ ਨੇ ਠੋਕਵਾਂ ਵਿਰੋਧ ਕੀਤਾ ਸੀ ਪਰ ਹੁਣ ਜਦ ਆਏ ਦਿਨ ਇਸ ਤਰੀਕੇ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤਾਂ ਸਿਆਸੀ ਲੀਡਰਸ਼ਿਪ ਖਾਮੋਸ਼ ਬੈਠੀ ਹੈ ।
ਉਹਨਾਂ ਆਖਿਆ ਕਿ ਜੇਕਰ ਇਹਨਾਂ ਨੌਜਵਾਨਾਂ ਨੇ ਕੋਈ ਅਪਰਾਧ ਕੀਤਾ ਵੀ ਹੈ ਤਾਂ ਗ੍ਰਿਫਤਾਰ ਕਰਕੇ ਅਦਾਲਤ ਰਾਹੀਂ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਪਰ ਇਹਨਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਸੁੱਟਣ ਦੀ ਪਿਰਤ ਬੇਹੱਦ ਖਤਰਨਾਕ ਹੈ ।
ਉਹਨਾਂ ਆਖਿਆ ਕਿ ਇੱਕ ਪਾਸੇ ਲੋਕਤੰਤਰ ਦੀ ਦੁਹਾਈ ਦਿੱਤੀ ਜਾਂਦੀ ਹੈ ਦੂਜੇ ਪਾਸੇ ਤਾਨਾਸ਼ਾਹੀ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਕੁਰਾਹੇ ਪੈ ਚੁੱਕੇ ਨੌਜਵਾਨਾਂ ਨੂੰ ਜਦ ਸਪਸ਼ਟ ਤੌਰ ਤੇ ਅਹਿਸਾਸ ਹੋ ਜਾਵੇਗਾ ਕਿ ਫੜੇ ਜਾਣ ਮਗਰੋਂ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇਗਾ ਤਾਂ ਉਹ ਹੋਰ ਵੱਧ ਖੌਫਨਾਕ ਕਦਮ ਚੁੱਕ ਸਕਦੇ ਹਨ ਜਦ ਕਿ ਸਭਿਅਕ ਸਮਾਜ ਵਿੱਚ ਭਟਕੇ ਹੋਏ ਨੌਜਵਾਨਾਂ ਨੂੰ ਕਨੂਨ ਅਤੇ ਸਮਾਜ ਰਾਹੀਂ ਸਹੀ ਰਾਹ ਉੱਤੇ ਲਿਆਂਦਾ ਜਾਣਾ ਚਾਹੀਦਾ ਹੈ ।
ਜਥੇਦਾਰ ਪੰਜੋਲੀ ਨੇ ਪੰਜਾਬ ਦੇ ਮੁਖਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਦਿੱਤੀ ਪੁਲਿਸ ਨੂੰ ਖੁੱਲ ਦੀ ਸਖਤ ਨਿੰਦਿਆ ਕਰਦਿਆਂ ਆਖਿਆ ਕਿ ਪਹਿਲਾਂ ਮੁੱਖ ਮੰਤਰੀ ਬੇਅੰਤ ਸਿੰਘ ਨੇ ਵੀ ਕੇਪੀਐਸ ਗਿੱਲ ਨੂੰ ਖੁੱਲ ਦਿੱਤੀ ਸੀ ਜਿਸ ਦਾ ਨਤੀਜਾ ਪੰਜਾਬ ਲਈ ਮਾੜਾ ਹੀ ਨਿਕਲਿਆ ।
ਉਨਾਂ ਆਖਿਆ ਕਿ ਸਿਆਸੀ ਆਗੂਆਂ ਨੂੰ ਇਸ ਮੁੱਦੇ ਉੱਤੇ ਆਮ ਆਦਮੀ ਪਾਰਟੀ ਨੂੰ ਹਰ ਥਾਂ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਹੈ। ਉਨਾਂ ਪੁਲਿਸ ਅਫਸਰਾਂ ਨੂੰ ਵੀ ਬੀਤੇ ਤੋਂ ਸਬਕ ਸਿੱਖਣ ਲਈ ਕਿਹਾ ਕਿ ਖਾੜਕੂਵਾਦ ਦੌਰਾਨ ਲੋਕਾਂ ਉੱਤੇ ਜੁਲਮ ਕਰਨ ਵਾਲੇ ਹੁਣ ਤਿੱਕਰ ਅਦਾਲਤਾਂ ਵਿੱਚ ਤਰੀਕਾਂ ਭੁਗਤ ਰਹੇ ਹਨ।