ਅਕਾਲ ਤਖਤ ਸਾਹਿਬ ਵਿਖੇ ਭਾਈ ਗਜਿੰਦਰ ਸਿੰਘ ਤੇ ਭਾਈ ਹਰਦੀਪ ਸਿੰਘ ਨਿਜਰ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ
ਦਲ ਖਾਲਸਾ ਤੇ ਸਿੱਖ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ, ਕੇਂਦਰੀ ਸਿੱਖ ਅਜਾਇਬ ਘਰ 'ਚ ਤਸਵੀਰਾਂ ਲਗਾਉਣ ਦੀ ਮੰਗ
ਸਿਮਰਨਜੀਤ ਸਿੰਘ ਮਾਨ ਨੇ ਸਿੱਖ ਸਿਆਸਤ ਤੇ ਹੱਕਾਂ ਬਾਰੇ ਜਤਾਇਆ ਦੁੱਖ ਤੇ ਰੋਸ
ਅਕਾਲ ਤਖਤ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਵਿਖੇ ਦਲ ਖਾਲਸਾ ਦੇ ਬਾਨੀ ਤੇ ਹਾਈਜੈਕਰ ਭਾਈ ਗਜਿੰਦਰ ਸਿੰਘ ਅਤੇ ਕਨੇਡਾ ਵਿੱਚ ਸ਼ਹੀਦ ਹੋਏ ਭਾਈ ਹਰਦੀਪ ਸਿੰਘ ਨਿਜਰ ਦੀ ਯਾਦ 'ਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਹ ਸਮਾਗਮ ਦੌਰਾਨ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਦਲ ਖਾਲਸਾ ਵੱਲੋਂ ਦੋਵਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਦੀ ਟੀਮ, ਭਾਈ ਨਰਾਇਣ ਸਿੰਘ ਚੌੜਾ, ਭਾਈ ਦਲਜੀਤ ਸਿੰਘ ਬਿੱਟੂੜਾ ਸਮੇਤ ਕਈ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਗਜਿੰਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਨੇ ਆਪਣੀ ਉਮਰ ਸਿੱਖ ਰਾਜ ਤੇ ਖਾਲਿਸਤਾਨ ਲਈ ਸੰਘਰਸ਼ ਵਿੱਚ ਵਾਰ ਦਿੱਤੀ।
ਉਨ੍ਹਾਂ ਮੰਗ ਕੀਤੀ ਕਿ ਦੋਹਾਂ ਸ਼ਹੀਦਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈ ਜਾਵੇ, ਜਿਵੇਂ ਗਿਆਨੀ ਰਘਬੀਰ ਸਿੰਘ ਵੱਲੋਂ ਇੱਕ ਸਾਲ ਪਹਿਲਾਂ ਆਦੇਸ਼ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਹੋਰਾਂ ਤਸਵੀਰਾਂ ਤਾਂ ਲਗਾਈਆਂ, ਪਰ ਇਹ ਦੋ ਵਿਅਕਤੀ ਅਜੇ ਤੱਕ ਅਣਗੋਲਿਆਂ ਹਨ, ਜੋ ਦੁਖਦਾਈ ਗੱਲ ਹੈ। ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿਜਰ ਦੀ ਸ਼ਹਾਦਤ ਨੇ ਸੰਘਰਸ਼ ਨੂੰ ਵਿਦੇਸ਼ਾਂ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਇਸ ਮਾਮਲੇ ਨੂੰ ਜੁਡੀਸ਼ਅਲ ਕੋਲ ਦੱਸ ਕੇ ਗੰਭੀਰਤਾ ਦਿਖਾਈ ਗਈ। ਭਾਈ ਨਿਜਰ ਦਾ ਕੇਸ ਅੱਜ ਇੰਟਰਨੈਸ਼ਨਲ ਟੇਬਲਾਂ ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਜੋ ਸਿੱਖ ਕੌਮ ਦੇ ਸੰਘਰਸ਼ ਦੀ ਗੂੰਜ ਦੱਸਦਾ ਹੈ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸਿੱਧਾ ਇਲਜ਼ਾਮ ਲਾਇਆ ਕਿ ਸਿੱਖਾਂ ਦੀ ਗੱਲ ਨਾ ਕੇਂਦਰ ਸੁਣਦਾ, ਨਾ ਵਿਦੇਸ਼ੀ ਮੰਚ। ਉਨ੍ਹਾਂ ਆਖਿਆ ਕਿ ਭਾਰਤ ਦੀ ਨੀਤੀ ਅਤੇ ਸਿਆਸੀ ਢਾਂਚਾ ਸਿੱਖਾਂ ਨੂੰ ਹਮੇਸ਼ਾ ਅਣਡਿੱਠਾ ਕਰਦਾ ਆ ਰਿਹਾ ਹੈ। ਭਾਈ ਗਜਿੰਦਰ ਸਿੰਘ ਪਾਕਿਸਤਾਨ ਵਾਸੀ ਬਣਨ ਲਈ ਮਜਬੂਰ ਹੋਏ, ਜੋ ਇਹ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਸਿੱਖਾਂ ਨੂੰ ਸੁਰੱਖਿਆ,
ਇਨਸਾਫ ਅਤੇ ਹੱਕ ਨਹੀਂ ਮਿਲ ਰਹੇ। ਮਾਨ ਨੇ ਇਹ ਵੀ ਕਿਹਾ ਕਿ ਹਿੰਦੂ ਤੇ ਮੁਸਲਮਾਨ ਆਪਣੀ ਲੜਾਈ ਲਈ ਤਿਆਰ ਨੇ, ਪਰ ਸਿੱਖ ਆਪਣੀਆਂ ਜ਼ਮੀਨੀਆਂ ਤੇ ਹੱਕਾਂ ਤੋਂ ਵੀ ਦੂਰ ਕਰ ਦਿੱਤੇ ਗਏ ਹਨ। ਉਨ੍ਹਾਂ ਸਿੱਖ ਜਥੇਦਾਰਾਂ ਤੇ ਆਗੂਆਂ ਨੂੰ ਤੰਜ਼ ਕਰਦਿਆਂ ਕਿਹਾ ਕਿ ਸਿੱਖਾਂ ਦੀ ਆਵਾਜ਼ ਨੂੰ ਉਨ੍ਹਾਂ ਵੱਲੋਂ ਹੀ ਦਬਾਇਆ ਜਾਂਦਾ ਜਿਹੜੇ ਕੌਮ ਦੇ ਨੁਮਾਇੰਦੇ ਬਣਦੇ ਨੇ।