ਤਖਤ ਸ੍ਰੀ ਪਟਨਾ ਸਾਹਿਬ ਦੇ ਤਖਾਹੀਆ ਫੈਸਲੇ ’ਤੇ ਸਿਮਰਨਜੀਤ ਸਿੰਘ ਮਾਨ ਨੇ ਉਠਾਏ ਸਵਾਲ,
ਕਿਹਾ- ਸਿੱਖ ਮਰਿਆਦਾ ਅਤੇ ਸ੍ਰੀ ਅਕਾਲ ਤਖਤ ਦੇ ਅਧਿਕਾਰਾਂ ’ਤੇ ਹੋ ਰਿਹਾ ਹੈ ਹਮਲਾ
ਅੰਮ੍ਰਿਤਸਰ, 5 ਜੁਲਾਈ ():
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪੈ ਰਹੀ ਨਵੀ ਤਖਾਹੀਆ ਪਿਰਤ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਨੇ ਇਨ੍ਹਾਂ ਕਦਮਾਂ ਨੂੰ ਸਿੱਧਾ-ਸਿੱਧਾ ਸਿੱਖ ਧਰਮ ਦੀ ਮਰਿਆਦਾ, ਸਾਂਝੀਆਂ ਪਰੰਪਰਾਵਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਵਉੱਚਤਾ ਅਧਿਕਾਰਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। ਸ. ਮਾਨ ਨੇ ਕਿਹਾ ਕਿ ਸੰਨ 2003 ਵਿੱਚ, ਜਦ ਜੋਗਿੰਦਰ ਸਿੰਘ ਵੇਦਾਂਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਸਪੱਸ਼ਟ ਹੁਕਮਨਾਮਾ ਜਾਰੀ ਹੋਇਆ ਸੀ, ਜਿਸ ਅਨੁਸਾਰ ਪੰਥਕ ਫੈਸਲੇ ਲੈਣ, ਗੁਨਾਹਗਾਰਾਂ ਨੂੰ ਤਲਬ ਕਰਨ ਜਾਂ ਤਨਖਾਹ ਲਗਾਉਣ ਦਾ ਅਧਿਕਾਰ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੀ ਹੈ।ਉਨ੍ਹਾਂ ਕਿਹਾ ਕਿ ਇਹ ਅਧਿਕਾਰ ਨਾਂ ਤਾਂ ਕਿਸੇ ਸਥਾਨਕ ਕਮੇਟੀ ਕੋਲ ਹਨ, ਨਾਂ ਹੀ ਕਿਸੇ ਹੋਰ ਤਖਤ ਜਾਂ ਪੰਜ ਪਿਆਰਿਆਂ ਕੋਲ। ਇਹ ਸਿਰਫ ਅਤੇ ਸਿਰਫ ਪੰਜ ਤਖਤਾਂ ਦੇ ਜਥੇਦਾਰਾਂ ਦੀ ਸਰਬਸੰਮਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਹੀ ਲਾਗੂ ਹੋ ਸਕਦੇ ਹਨ।ਸ. ਮਾਨ ਨੇ ਦੋਸ਼ ਲਾਇਆ ਕਿ ਭਾਰਤ ਦੀ ਕੇਂਦਰੀ ਸਰਕਾਰ ਅਤੇ ਆਰ. ਐਸ. ਐਸ ਹੁਣ ਸਿੱਖ ਸੰਸਥਾਵਾਂ ਵਿੱਚ ਕੁਸਪੈਠ ਕਰਕੇ ਸਿੱਖ ਪੰਥ ਵਿੱਚ ਵੰਡ ਪਾਉਣ ਦਾ ਕੰਮ ਕਰ ਰਹੀ ਹੈ। ਅਤੇ ਬਹੁਤ ਵੱਡੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਜਿਸ ਤਰ੍ਹਾਂ ਭਾਜਪਾ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਦੇਸ਼ ਦੀ ਪ੍ਰੰਪਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਹੁਣ ਇਹੀ ਢੰਗ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਅਪਣਾਇਆ ਜਾ ਰਿਹਾ ਹੈ।”ਉਨ੍ਹਾਂ ਕਿਹਾ ਕਿ ਇਹ ਸਿਰਫ ਸਧਾਰਨ ਮਤਭੇਦ ਜਾਂ ਵਿਵਾਦ ਨਹੀਂ, ਸਿੱਖ ਪੰਥ ਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ, ਏਕਤਾ ਅਤੇ ਇਤਿਹਾਸਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ “ਕੌਮ ਨੂੰ ਚੌਕਸ ਹੋਣ ਦੀ ਲੋੜ ਹੈ, ਕਿਉਂਕਿ ਭਾਜਪਾ ਹੁਣ ਆਪਣੇ ਵਿਛਾਏ ਹੋਏ ਜਾਲ ਵਿੱਚ ਸਿੱਖਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ।”ਸ. ਮਾਨ ਨੇ ਸਾਰੇ ਪੰਜ ਤਖਤਾਂ ਦੇ ਜਥੇਦਾਰਾਂ, ਧਾਰਮਿਕ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਸਿੱਖ ਮਰਿਆਦਾ ਦੇ ਉਲੰਘਣ ’ਤੇ ਸਖ਼ਤ ਰੁੱਖ ਅਖਤਿਆਰ ਕਰਨ ਅਤੇ ਸੱਚ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਅੱਗੇ ਆਉਣ।