ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਸੇਵਾ ਨਿਯਮਾਂ ਸਬੰਧੀ ਗਠਿਤ ਕਮੇਟੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੜ ਵਿਚਾਰ ਕਰੇ -ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਜਰਮਨੀ
ਫਰੈਕਫੋਰਟ :- ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਤੇ ਸਿੱਖ ਸੰਸਥਾਵਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਸੇਵਾ ਨਿਯਮ ਬਣਾਉਣ ਲਈ ਗਠਿਤ ਕੀਤੀ 34-ਮੈਂਬਰੀ ਕਮੇਟੀ ਦੀ ਸੂਚੀ ਨੇ ਪੰਥਕ ਹਲਕਿਆਂ ਵਿੱਚ ਗੰਭੀਰ ਚਿੰਤਾਵਾਂ ਭਰੀ ਚਰਚਾ ਛੇੜ ਦਿੱਤੀ ਹੈ ,ਜਿਹੜੀਆਂ ਸਿੱਖ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਸ਼ਾਨੋ-ਸ਼ੌਕਤ ਦੀ ਬਹਾਲੀ ਲਈ ਹਮੇਸ਼ਾ ਵਚਨਬੱਧ ਰਹੀਆਂ ਹਨ, ਇਸ ਕਮੇਟੀ ਦੇ ਗਠਨ 'ਤੇ ਡੂੰਘੀ ਚਿੰਤਾ ਅਤੇ ਅਸਹਿਮਤੀ ਪ੍ਰਗਟ ਕਰਦੀਆਂ ਹਨ ।
ਜਿਸ ਅਹਿਮ ਅਤੇ ਇਤਿਹਾਸਕ ਮਹੱਤਤਾ ਵਾਲੇ ਕਾਰਜ ਦੀ ਅਰੰਭਤਾ ਸੰਪੂਰਨ ਪਾਰਦਰਸ਼ਤਾ, ਪੰਥਕ ਏਕਤਾ ਅਤੇ ਗੁਰਮਤਿ ਦੀ ਰੋਸ਼ਨੀ ਵਿੱਚ ਹੋਣੀ ਚਾਹੀਦੀ ਸੀ, ਤੇ ਜਿਸ ਕਾਰਜ ਨਾਲ ਖਾਲਸਾ ਪੰਥ ਨੇ ਚੜ੍ਹਦੀ ਕਲਾ ਵਿੱਚ ਜਾਣਾ ਸੀ, ਉਸਦੀ ਸ਼ੁਰੂਆਤ ਵਿੱਚ ਹੀ ਸਵਾਲ, ਵਿਵਾਦ ਅਤੇ ਸ਼ੰਕੇ ਖੜ੍ਹੇ ਹੋ ਜਾਣੇ ਖਾਲਸਾ ਪੰਥ ਲਈ ਸ਼ੁੱਭ ਸ਼ਗਨ ਨਹੀਂ ਹਨ।
ਜਰਮਨ ਦੇ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ ਘੋਤੜਾ , ਗੁਰਦੁਆਰਾ ਸ਼੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ, ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਸਾਬਕਾ ਪ੍ਰਧਾਨ ਭਾਈ ਬਲਕਾਰ ਸਿੰਘ, ਭਾਈ ਨਰਿੰਦਰ ਸਿੰਘ, ਗੁਰਦੁਅਰਾ ਸਟੁਟਗਾਟ ਭਾਈ ਉਂਕਾਰ ਸਿੰਘ ਗਿੱਲ ,ਭਾਈ ਅਵਤਾਰ ਸਿੰਘ ਪ੍ਰਧਾਨ, ਗੁਰਦੁਆਰਾ ਲਾਈਪਸਿਕ ਭਾਈ ਬਲਦੇਵ ਸਿੰਘ ਬਾਜਵਾ , ਗੁਰਦੁਆਰਾ ਨਿਉਨਬਰਗ ਭਾਈ ਦਿਲਬਾਗ ਸਿੰਘ, ਗੁਰਦੁਆਰਾ ਰੀਗਨਸਬਰਗ ਭਾਈ ਨਰਿੰਦਰ ਸਿੰਘ,, ਗੁਰਦੁਆਰਾ ਗੁਰੂ ਤੇਗ ਬਹਾਦਰ ਕਲੋਨ ਸਾਬਕਾ ਪ੍ਰਧਾਨ ਰੁਲਦਾ ਸਿੰਘ , ਗੁਰਦੁਆਰਾ ਮਿਉਨਿਚਨ ਪ੍ਰਧਾਨ ਭਾਈ ਜਸਵਿੰਦਰ ਸਿੰਘ ਨਾਗਰਾ ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਅਟਵਾਲ, ,ਸਿੰਘ ਸਭਾ ਜਰਮਨੀ ਭਾਈ ਮਲਕੀਤ ਸਿੰਘ, ਭਾਈ ਗੁਰਵਿੰਦਰ ਸਿੰਘ,ਦਲ ਖਾਲਸਾ ਜਰਮਨੀ ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ,ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਅੱਗੇ ਅਪੀਲ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਖ ਸੇਵਾਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾਮੁਕਤੀ ਸੰਬੰਧੀ ਨਿਯਮਾਵਲੀ ਬਣਾਉਣ ਲਈ ਸੁਝਾਅ ਮੰਗੇ ਗਏ ਸਨ। ਗੁਰਮਤਿ ਸਿਧਾਤਾਂ ਨੂੰ ਪ੍ਰਣਾਇ ਅਤੇ ਪੰਥ ਦੀ ਅੱਡਰੀ ਅਜ਼ਾਦ ਹਸਤੀ ਹਿੱਤ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦੇਣ ਵਾਲਿਆਂ ਵੱਲੋਂ ਪੰਥ ਦੇ ਵਡੇਰੇ ਹਿਤਾਂ ਖ਼ਾਤਰ ਇਸ ਵਿਸ਼ੇ ‘ਤੇ ਆਪਣੇ ਸੁਝਾਅ ਪੰਥ ਦੇ ਚਰਨਾਂ ਵਿੱਚ ਰੱਖੇ ਸਨ।
ਆਸ ਸੀ ਕਿ ਸਮੁੱਚੇ ਪੰਥ ਵੱਲੋਂ ਆਏ ਸੁਝਾਵਾਂ ਦੀ ਰੋਸ਼ਨੀ ਵਿੱਚ ਇੱਕ ਅਜਿਹੀ ਕਮੇਟੀ ਬਣਾਈ ਜਾਵੇਗੀ ਜੋ ਪੰਥ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰੇਗੀ ਅਤੇ ਮੌਜੂਦਾ ਸਮੇਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉੱਤੋਂ ਸਿਆਸੀ ਪਾਰਟੀਆਂ, ਪੰਥ ਵਿਰੋਧੀ ਸਿਆਸਤਦਾਨਾਂ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਵਿੱਚ ਫਸੀਆਂ ਧਾਰਮਿਕ ਸ਼ਖਸੀਅਤਾਂ ਦੇ ਗਲਬੇ ਨੂੰ ਦੂਰ ਕਰੇਗੀ । ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਵ-ਗਠਿਤ ਕਮੇਟੀ ਦੀ ਬਣਤਰ ਵੇਖ ਕੇ ਪੰਥਕ ਸੋਚ ਨੂੰ ਪ੍ਰਣਾਏ ਸੁਹਿਰਦ ਸਿੱਖਾਂ ਵਿੱਚ ਕਈ ਸੁਆਲ ਅਤੇ ਖਦਸ਼ੇ ਪੈਦਾ ਹੋ ਰਹੇ ਹਨ ।
ਨਵ ਗਠਿਤ 34 ਮੈਂਬਰੀ ਕਮੇਟੀ ਸਮੁੱਚੇ ਪੰਥ ਦੀਆਂ ਜਥੇਬੰਦੀਆਂ, ਸੰਪਰਦਾਵਾਂ ਅਤੇ ਵਿਚਾਰਧਾਰਾਵਾਂ ਦੀ ਨੁਮਾਇੰਦਗੀ ਕਰਦੀ ਪ੍ਰਤੀਤ ਨਹੀਂ ਹੁੰਦੀ। ਇਸ ਵਿੱਚ ਤੱਤ ਗੁਰਮਤਿ ਨੂੰ ਪ੍ਰਣਾਏ ਅਤੇ ਖਾਲਸਾ ਪੰਥ ਨੂੰ ਪੂਰੀ ਤਰ੍ਹਾਂ ਸਮਰਪਿਤ ਦੂਰ-ਅੰਦੇਸ਼ ਸਿੱਖ ਵਿਦਵਾਨਾਂ ਅਤੇ ਸ਼ਖ਼ਸੀਅਤਾਂ ਦੀ ਕਮੀ ਮਹਿਸੂਸ ਹੋ ਰਹੀ ਹੈ।
ਇਹ ਗੱਲ ਬਹੁਤ ਹੀ ਚਿੰਤਾਜਨਕ ਹੈ ਕਿ ਕਮੇਟੀ ਵਿੱਚ ਕੁਝ ਅਜਿਹੇ ਮੈਂਬਰ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੀ ਆਪਣੀ ਕਾਰਜਸ਼ੈਲੀ ਅਤੇ ਵਿਚਾਰਧਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਿਤ ਮਰਯਾਦਾ ਦੇ ਅਨੁਕੂਲ ਨਹੀਂ ਰਹੀ ਹੈ । ਇਸ ਤੋਂ ਵੀ ਗੰਭੀਰ ਗੱਲ ਇਹ ਹੈ ਕਿ ਕੁਝ ਮੈਂਬਰ ਅਜਿਹੀਆਂ ਧਿਰਾਂ ਨਾਲ ਜੁੜੇ ਹੋਏ ਹਨ ਜੋ ਸਿੱਖਾਂ ਦੀ ਵੱਖਰੀ ਅਤੇ ਨਿਆਰੀ ਹੋਂਦ ਹਸਤੀ ਨੂੰ ਮੌਜੂਦਾ ਸਮੇਂ ਵਿੱਚ ਸਿਧਾਂਤਕ ਅਤੇ ਰਾਜਨੀਤਿਕ ਤੌਰ 'ਤੇ ਚੁਣੌਤੀ ਦੇ ਰਹੀਆਂ ਹਨ।
ਕਮੇਟੀ ਵਿੱਚ ਸ਼ਾਮਲ ਕਈ ਮੈਂਬਰਾਂ ਦੀ ਪਛਾਣ ਉਨ੍ਹਾਂ ਦੀ ਪੰਥਕ ਸੇਵਾ ਨਾਲੋਂ ਵੱਧ ਸਿਆਸੀ ਮੁਫਾਦਾਂ ਜਾਂ ਆਪਣੇ ਨਿੱਜੀ ਡੇਰਿਆਂ ਅਤੇ ਸੰਸਥਾਵਾਂ ਪ੍ਰਤੀ ਵਫ਼ਾਦਾਰੀ ਕਰਕੇ ਹੈ। ਖਦਸ਼ਾ ਹੈ ਕਿ ਅਜਿਹੇ ਮੈਂਬਰ ਪੰਥ ਦੇ ਵਿਸ਼ਾਲ ਹਿੱਤਾਂ ਦੀ ਥਾਂ ਆਪਣੇ ਨਿੱਜੀ ਜਾਂ ਸੰਸਥਾਗਤ ਏਜੰਡੇ ਨੂੰ ਹੀ ਅੱਗੇ ਵਧਾਉਣਗੇ। ਕੁਝ ਮੈਂਬਰ ਤਾਂ ਆਪਣੀ ਸੰਸਥਾ ਨੂੰ ਹੀ ਸਰਬਉੱਚ ਮੰਨਦੇ ਹੋਏ ਆਪਣੀ ਮਰਜ਼ੀ ਦਾ ਜਥੇਦਾਰ ਲਗਾਉਣ ਲਈ ਪਹਿਲਾਂ ਵੀ ਯਤਨਸ਼ੀਲ ਰਹੇ ਹਨ ਅਤੇ ਪੰਥਕ ਸਮਾਗਮਾਂ ਵਿੱਚ ਅੜਚਣਾਂ ਪੈਦਾ ਕਰਦੇ ਰਹੇ ਹਨ।
ਉਪਰੋਕਤ ਕਾਰਨਾਂ ਕਰਕੇ ਇਹ ਸਬ-ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਮਜ਼ਬੂਤ ਕਰਨ ਦੇ ਲਾਭਦਾਇਕ ਕਾਰਜ ਦੀ ਬਜਾਏ, ਇਸ ਨੂੰ ਹੋਰ ਕਮਜ਼ੋਰ ਕਰਨ ਅਤੇ ਵਿਵਾਦਾਂ ਵਿੱਚ ਘੇਰਨ ਦਾ ਕਾਰਨ ਬਣ ਸਕਦੀ ਹੈ। ਇਹ ਸਥਿਤੀ ਪੰਥ ਲਈ ਫਾਇਦੇ ਨਾਲੋਂ ਨੁਕਸਾਨ ਕਰਨ ਵਾਲੀ ਜ਼ਿਆਦਾ ਸਾਬਤ ਹੋਵੇਗੀ।
ਅੱਜ ਜਦੋਂ ਪੰਥ ਨੂੰ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਮਜ਼ਬੂਤ, ਨਿਰਪੱਖ ਅਤੇ ਗੁਰਮਤਿ ਆਧਾਰਿਤ ਅਗਵਾਈ ਦੀ ਸਖ਼ਤ ਲੋੜ ਹੈ। ਪਿਛਲੇ ਕੁਝ ਸਮੇਂ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਪਾਰਟੀ ਜਾਂ ਸੰਸਥਾ ਨੇ 'ਆਪਣਾ ਬੰਦਾ' ਜਥੇਦਾਰ ਲਗਵਾ ਕੇ ਆਪਣੇ ਨਿੱਜੀ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨਾਲ ਪੰਥ ਨੂੰ ਨੁਕਸਾਨ ਹੀ ਹੋਇਆ ਹੈ।
ਇਸ ਕਮੇਟੀ ਦੀ ਬਣਤਰ 'ਤੇ ਗੰਭੀਰਤਾ ਨਾਲ ਮੁੜ ਗੌਰ ਕੀਤਾ ਜਾਵੇ। ਇਸ ਨੂੰ ਭੰਗ ਕਰਕੇ ਇੱਕ ਨਵੀਂ, ਛੋਟੀ ਅਤੇ ਵਧੇਰੇ ਪ੍ਰਭਾਵਸ਼ਾਲੀ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਸਿਰਫ਼ ਉਹੀ ਸ਼ਖ਼ਸੀਅਤਾਂ ਸ਼ਾਮਲ ਹੋਣ ਜੋ ਨਿਸ਼ਕਾਮ, ਨਿਰਵੈਰ, ਨਿਰਪੱਖ, ਗੁਰਮਤਿ ਦੇ ਧਾਰਨੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਪੂਰਨ ਤੌਰ 'ਤੇ ਸਮਰਪਿਤ ਹੋਣ।
ਖਾਲਸਾ ਪੰਥ ਦੇ ਭਵਿੱਖ ਨਾਲ ਜੁੜੇ ਇਸ ਅਹਿਮ ਮਸਲੇ 'ਤੇ ਜੇ ਕਿਸੇ ਵੀ ਕਿਸਮ ਦੀ ਕੁਤਾਹੀ, ਨਿੱਜੀ ਜਾਂ ਧੜੇ ਦੇ ਮੁਫਾਦਾਂ ਨੂੰ ਮੁੱਖ ਰੱਖ ਕੇ ਗੈਰ ਸਿਧਾਂਤਿਕ ਫੈਸਲੇ ਲਏ ਗਏ ਜਾਂ ਸਮਝੌਤੇ ਕੀਤੇ ਗਏ ਤਾਂ ਪੰਥ ਲਈ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।...