ਪਟਿਆਲਾ : ਮੀਂਹ-ਝੱਖੜ ਕਾਰਨ ਸੂਬੇ ਭਰ ਵਿਚ ਟ੍ਰਾਂਸਫਾਰਮਰ, ਖੰਬੇ, ਤਾਰਾਂ ਟੁੱਟੀਆਂ ਹਨ, ਜਿਸ ਕਰ ਕੇ ਬਿਜਲੀ ਸਪਲਾਈ ਪ੍ਰਭਾਵਤ ਰਹੀ ਹੈ ਅਤੇ ਪੀਐੱਸਪੀਸੀਐੱਲ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਬੰਦ ਬਿਜਲੀ ਸ਼ਿਕਾਇਤਾਂ ਵਿਚ ਵੀ ਵਾਧਾ ਹੋਇਆ ਹੈ। 15 ਅਪ੍ਰੈਲ ਤੋਂ 1 ਮਈ ਤੱਕ ਪੰਜਾਬ ਵਿਚ ਵੱਖ ਵੱਖ ਦਿਨਾਂ ਵਿਚ ਆਏ ਝੱਖੜ ਕਰ ਕੇ ਪੀਐੱਸਪੀਸੀਐੱਸ ਦਾ 14 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਹ ਨੁਕਸਾਨ ਤਿੰਨ ਦਿਨਾਂ ਦੌਰਾਨ ਹੀ ਹੋਇਆ ਹੈ ਜਦੋਂਕਿ ਤਿੰਨ ਤੇ 4 ਮਈ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਬਾਕੀ ਹੈ। 16 ਅਪ੍ਰੈਲ, 18 ਅਪ੍ਰੈਲ ਤੇ 01 ਮਈ ਨੂੰ ਆਈ ਝੱਖੜ ਦੌਰਾਨ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਜਿਸ ਅਨੁਸਾਰ ਇਨਾਂ ਤਿੰਨ ਦਿਨਾ ਵਿਚ ਬਾਰਡਰ ਜ਼ੋਨ ਵਿਚ 2.99 ਕਰੋੜ, ਸੈਂਟਰਲ ਜ਼ੋਨ ਵਿਚ 1.25 ਕਰੋੜ, ਨੋਰਥ ਜ਼ੋਨ ਵਿਚ 1.14, ਸਾਊਥ ਜ਼ੋਨ ਵਿਚ 6.97 ਕਰੋੜ ਅਤੇ ਵੈਸਟ ਜ਼ੋਨ ਵਿਚ 1.70 ਕੁੱਲ 14.05 ਕਰੋੜ ਦਾ ਨੁਕਸਾਨ ਹੋਇਆ ਹੈ।ਜਾਣਕਾਰੀ ਅਨੁਸਾਰ ਪੀਐੱਸਪੀਸੀਐੱਲ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਹਨੇਰੀ ਝੱਖੜ ਨੇ ਸੂਬੇ ਵਿਚ 1133 ਟਰਾਂਸਫਾਰਮਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਬਾਰਡਰ ਜੋਨ ਅਧੀਨ ਅੰਮ੍ਰਿਤਸਰ, ਤਰਨਤਾਰਨ ਆਦਿ ਇਲਾਕਿਆਂ ਵਿਚ 287, ਸੈਂਟਰਲ ਜ਼ੋਨ ਅਧੀਨ ਲੁਧਿਆਣਾ ਤੇ ਨੇੜਲੇ ਜਿਲ੍ਹਿਆਂ ਵਿਚ 68, ਨੋਰਥ ਜ਼ੋਨ ਅਧੀਨ ਜਲੰਧਰ ਤੇ ਆਸ ਪਾਸ ਦੇ ਇਲਾਕਿਆਂ ਵਿਚ 114, ਸਾਊਥ ਜ਼ੋਨ ਅਧੀਨ ਪਟਿਆਲਾ, ਸੰਗਰੂਰ, ਰੋਪੜ ਆਦਿ ਜ਼ਿਲ੍ਹਿਆਂ ਵਿਚ 505, ਵੈਸਟ ਜ਼ੋਨ ਅਧੀਨ ਬਠਿੰਡਾ ਤੇ ਆਸ ਪਾਸ ਇਲਾਕਿਆਂ ਵਿਚ 159 ਟਰਾਂਸਫਾਰਮਰ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਸੂਬੇ ਵਿਚ 7252 ਖੰਬੇ ਟੁੱਟੇ ਹਨ। ਜਿਨਾਂ ਵਿਚ ਬਾਰਡਰ ਜ਼ੋਨ ’ਚ 1564, ਸੈਂਟਰਲ ਜ਼ੋਨ ਵਿਚ 187, ਨੋਰਥ ਜ਼ੋਨ ’ਚ 701, ਸਾਊਥ ਜ਼ੋਨ ਵਿਚ 3382 ਅਤੇ ਵੈਸਟ ਜ਼ੋਨ ਵਿਚ 1418 ਖੰਬੇ ਨੁਕਸਾਨੇ ਗਏ ਹਨ। 11 ਕੇਵੀ ਵਾਲੇ ਅੱਠ ਟਾਵਰਾਂ ਦਾ ਵੀ ਨੁਕਸਾਨ ਹੋਇਆ ਹੈ ਅਤੇ 11 ਕੇਵੀ ਵਾਲੇ 52 ਕੰਡਕਟਰ ਨੁਕਸਾਨੇ ਗਏ ਹਨ। ਬਾਰਡਰ ਜ਼ੋਨ ਵਿਚ 14, ਸੈਂਟਰਲ ’ਚ 01, ਨੋਰਥ ਵਿਚ 09, ਸਾਊਥ ਵਿਚ 23 ਅਤੇ ਵੈਸਟ ਜ਼ੋਨ ਵਿਚ 06 ਕੰਡਕਟਰਾਂ ਦਾ ਨੁਕਸਾਨ ਹੋਇਆ ਹੈ।
ਸਾਊਥ ਜ਼ੋਨ ’ਚ ਸਭ ਤੋਂ ਵੱਧ ਨੁਕਸਾਨ
ਪੀਐੱਸਪੀਸੀਐੱਲ ਵਲੋਂ ਪੰਜਾਬ ਦੇ ਜਿਲ੍ਹਿਆਂ ਨੂੰ ਬਾਰਡਰ, ਸੈਂਟਰਲ, ਨੋਰਥ, ਸਾਊਥ ਅਤੇ ਵੈਸਟ ਪੰਜ ਜ਼ੋਨ ਵਿਚ ਤਕਸੀਮ ਕੀਤਾ ਗਿਆ ਹੈ। ਮਹਿਕਮੇ ਦੀ ਰਿਪੋਰਟ ਅਨੁਸਾਰ ਇਕ ਮਈ ਤੱਕ ਆਏ ਹਨੇਰੀ ਝੱਖੜ ਨੇ ਸਾਊਥ ਜ਼ੋਨ ਵਿਚਲੇ ਪਟਿਆਲਾ, ਸੰਗਰੂਰ, ਰੋਪੜ, ਬਰਨਾਲਾ, ਫਤਿਹਗੜ੍ਹ ਸਾਹਿਬ ਤੇ ਹੋਰ ਨੇੜਲੇ ਇਲਾਕਿਆਂ ਵਿਚ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਸਾਊਥ ਜ਼ੋਨ ਵਿਚ ਟਰਾਂਸਫਾਰਮਰ, ਖੰਬੇ ਤੇ ਤਾਰਾਂ ਆਦਿ ਟੁੱਟਣ ਕਰ ਕੇ 6.97 ਕਰੋੜ ਦਾ ਨੁਕਸਾਨ ਹੋਇਆ ਹੈ। ਇਨਾਂ ਜਿਲ੍ਹਿਆਂ ਵਿਚ 505 ਟ੍ਰਾਂਸਫਾਰਮਰ, 11 ਕੇਵੀ ਵਾਲੇ 3382 ਖੰਬੇ, 66 ਕੇਵੀ ਵਾਲੇ 08 ਟਾਵਰ ਤੇ 11 ਕੇਵੀ ਵਾਲੇ 23 ਕੰਡਕਟਰ ਨੁਕਸਾਨੇ ਗਏ ਹਨ। ਇੱਕ ਮਈ ਨੂੰ ਆਏ ਝੱਖੜ ਵਿਚ ਵੀ ਇਨ੍ਹਾਂ ਜਿਲ੍ਹਿਆਂ ਦੇ 28 ਟ੍ਰਾਂਸਫਾਰਮਰਾਂ ਦਾ ਨੁਕਸਾਨ ਹੋਇਆ ਹੈ।
--
ਬਿਜਲੀ ਸਪਲਾਈ ਰਹੀ ਪ੍ਰਭਾਵਤ
ਹਨੇਰੀ ਝੱਖੜ ਕਰਕੇ ਸੂਬੇ ਭਰ ਵਿਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ, ਕਈ ਇਲਾਕਿਆਂ ਵਿਚ ਇਕ ਤੋਂ ਪੰਜ ਘੰਟੇ ਤੱਕ ਬਿਜਲੀ ਬੰਦ ਰਹਿਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਕ ਤੋਂ 5 ਮਈ ਤੱਕ ਪੀਐੱਸਪੀਸੀਐੱਲ ਕੋਲ ਤਿੰਨ ਲੱਖ 94 ਹਜ਼ਾਰ ਦੇ ਕਰੀਬ ਬਿਜਲੀ ਬੰਦ ਦੀਆਂ ਸ਼ਿਕਾਇਤ ਪੁੱਜੀਆਂ ਹਨ। 5 ਮਈ ਦੁਪਹਿਰ ਤੱਕ ਕੁੱਲ ਸ਼ਿਕਾਇਤਾਂ ਵਿਚੋਂ 27779 ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੋ ਸਕਿਆ। ਪ੍ਰਾਪਤ ਵੇਰਵਿਆਂ ਅਨੁਸਾਰ ਇਕ ਮਈ ਨੂੰ ਕਰੀਬ 75 ਹਜ਼ਾਰ, 2 ਮਈ ਨੂੰ ਕਰੀਬ ਇਕ ਲੱਖ 24 ਹਜ਼ਾਰ, ਤਿੰਨ ਮਈ ਨੂੰ 60 ਹਜ਼ਾਰ, ਚਾਰ ਮਈ ਨੂੰ 90 ਹਜ਼ਾਰ ਅਤੇ ਪੰਜ ਮਈ ਦੁਪਹਿਰ ਤਿੰਨ ਵਜੇ ਤੱਕ 44 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੀਐੱਸਪੀਸੀਐੱਲ ਕੋਲ ਦਰਜ ਹੋਈਆਂ ਹਨ।