ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਗੁਰੂਹਰਸਹਾਏ ਰੋਡ ’ਤੇ ਬੀਤੀ 23 ਅਪ੍ਰੈਲ ਦੀ ਰਾਤ ਨੂੰ ਇਕ ਮਜ਼ਦੂਰ ਮ੍ਰਿਤਕ ਹਾਲਾਤ ’ਚ ਮਿਲਿਆ ਸੀ। ਜਿਸਦੇ ਸਿਰ ’ਤੇ ਤੇਜਧਾਰ ਹਥਿਆਰ ਦੇ ਨਿਸ਼ਾਨ ਸਨ। ਪਰਿਵਾਰ ਨੇ ਹੱਤਿਆ ਦਾ ਸ਼ੱਕ ਜਤਾਇਆ ਹੈ ਅਤੇ ਪੁਲਿਸ ਤੋਂ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਤੱਕ ਪਹੁੰਚਣ ਦੀ ਮੰਗ ਕੀਤੀ ਹੈ। ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਆਪਣੇ ਗ੍ਰਹਿ ਵਿਖੇ ਬੁਲਾਈ ਪ੍ਰੈਸ ਕਾਨਫਰੰਸ ’ਚ ਦਸਿਆ ਕਿ ਇਕ ਪ੍ਰਵਾਸੀ ਪਰਿਵਾਰ ਉਨ੍ਹਾਂ ਦੇ ਖੇਤਾਂ ’ਚ ਗੁਰੂਹਰਸਹਾਏ ਰੋਡ ’ਤੇ ਸਾਲਾਂ ਤੋਂ ਰਹਿ ਰਿਹਾ ਹੈ ਅਤੇ ਉਨ੍ਹਾਂ ਦੇ ਉਥੇ ਕੰਮ ਕਰਦੇ ਹਨ। 23 ਅਪ੍ਰੈਲ ਨੂੰ ਰਾਜੇਸ਼ ਕੁਮਾਰ (33) ਪੁੱਤਰ ਸਿਸ਼ੂ ਪਾਲ ਆਪਣੇ ਕੰਮ ਤੋਂ ਸਾਇਕਲ ਤੇ ਰਾਤ ਕਰੀਬ ਪੌਣੇ 10 ਵਜੇ ਘਰ ਵਾਪਸ ਪਰਤ ਰਿਹਾ ਸੀ। ਪਰ ਉਹ ਘਰ ਨਹੀਂ ਪੁਹੰਚਿਆ ਅਤੇ ਪਰਿਵਾਰ ਨੂੰ ਉਸਦੇ ਚੀਕਣ ਦੀ ਅਵਾਜ ਆਈ। ਜਦ ਉਹ ਘਰ ਤੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਲਹੂਲੁਹਾਨ ਰਾਜੇਸ਼ ਸੜਕ ’ਤੇ ਪਿਆ ਸੀ ਅਤੇ ਉਸਦੇ ਸਾਹ ਨਹੀਂ ਚੱਲ ਰਹੇ ਸਨ, ਜੋ ਕਿ ਮ੍ਰਿਤਕ ਸੀ। ਮ੍ਰਿਤਕ ਦੀ ਭੈਣ ਰੂਪਾ ਰਾਣੀ ਨੇ ਦੱਸਿਆ ਕਿ ਪਹਿਲਾ ਤਾਂ ਉਨ੍ਹਾਂ ਨੂੰ ਲੱਗਿਆ ਕਿ ਕੋਈ ਗੱਡੀ ਉਸਨੂੰ ਟੱਕਰ ਮਾਰ ਕੇ ਭੱਜ ਗਈ ਹੈ। ਉਨ੍ਹਾਂ ਨੂੰ ਰੋਡ ਐਕਸੀਡੈਂਟ ਲੱਗਿਆ। ਪਰ ਜਦੋਂ ਉਨ੍ਹਾਂ ਨੇ ਦੇਖਿਆ ਕਿ ਸੱਟ ਇਕੱਲੀ ਸਿਰ ’ਤੇ ਲੱਗੀ ਹੈ ਅਤੇ ਬਾਕੀ ਸਰੀਰ ਦੇ ਕਿਸੇ ਹਿੱਸੇ ਵਿੱਚ ਸੱਟ ਨਹੀਂ ਹੈ। ਉੱਥੇ ਸਾਇਕਲ ਵੀ ਸਹੀ ਸਲਾਮਤ ਹੈ ਕਿਤੋਂ ਵੀ ਟੁੱਟਿਆ ਨਹੀਂ ਹੈ। ਮਾਮਲਾ ਉਨ੍ਹਾਂ ਨੂੰ ਸ਼ੱਕੀ ਤੇ ਲੁੱਟਖੋਹ ਦਾ ਲੱਗਿਆ। ਫੇਰ ਉਨ੍ਹਾਂ ਨੂੰ ਪਤਾ ਚੱਲਿਆ ਕਿ ਥੋੜਾ ਪਿੱਛੇ ਇਸੇ ਰੋਡ ’ਤੇ ਗੁਲਾਬੇਵਾਲਾ ਨਿਵਾਸੀ ਇਕ ਮਜ਼ਦੂਰ ਤੋਂ ਬਾਈਕ ਸਵਾਰਾਂ ਨੇ ਕਾਪਾ ਮਾਰ ਕੇ ਕੇਵਲ 70 ਰੁਪਏ ਦੀ ਲੁੱਟ ਕੀਤੀ ਹੈ। ਉਸਨੂੰ ਵੀ ਜਖਮੀ ਕੀਤਾ ਹੈ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਹੀ ਬਾਈਕ ਸਵਾਰਾਂ ਨੇ ਲੁੱਟ ਦੀ ਨੀਯਤ ਨਾਲ ਉਸਦੇ ਭਰਾ ਦੀ ਹੱਤਿਆ ਕੀਤੀ ਕਰ ਦਿੱਤੀ ਹੈ। ਪਰਿਵਾਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਰਾਤ ਨੂੰ 112 ਨੰਬਰ ’ਤੇ ਕਈ ਵਾਰ ਕਾਲ ਕੀਤੇ ਪਰ ਕੋਈ ਪੁਲਿਸ ਕਰਮਚਾਰੀ ਨਹੀਂ ਆਇਆ। ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਹਨੀ ਫੱਤਣਵਾਲਾ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਰਾਤ ਦੇ ਸਮੇਂ ਗੁਰੂਹਰਸਹਾਏ ਰੋਡ ਤੇ ਗਸ਼ਤ ਵਧਾਈ ਜਾਵੇ ਕਿਉਕਿ ਪਹਿਲਾ ਵੀ ਕਈ ਲੁੱਟ ਦੀਆਂ ਵਾਰਦਾਤਾਂ ਇਸ ਰੋਡ ਤੇ ਹੋ ਚੁੱਕੀਆਂ ਹਨ। ਉਨ੍ਹਾਂ ਦੇ ਹੀ ਕਰਮਚਾਰੀ ਤੋਂ ਕੁਝ ਮਹੀਨੇ ਪਹਿਲਾਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਐਸਐਸਪੀ ਨਾਲ ਮਿਲ ਕੇ ਉਕਤ ਮਾਮਲਾ ਧਿਆਨ ’ਚ ਲਿਆ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਵਤਾਰ ਸਿੰਘ ਨੇ ਕਿਹਾ ਕਿ ਜਾਂਚ ਚਲ ਰਹੀ ਹੈ। ਜਾਂਚ ਵਿਚ ਜੋ ਕੁਝ ਵੀ ਸਾਹਮਣੇ ਆਉਂਦਾ ਹੈ ਤਾਂ ਉਸ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।