ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ 27 ਸੈਲਾਨੀਆਂ ਦੇ ਕਤਲੇਆਮ ਤੋ ਬਾਅਦ ਜਿਸਤਰਾਂ ਦਾ ਤਣਾਅ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੇਖਿਆ ਜਾ ਰਿਹਾ ਹੈ,ਉਹ ਚਿੰਤਾ ਦਾ ਵਿਸ਼ਾ ਹੈ। ਬਿਨਾਂ ਸੱਕ ਇਹ ਕਾਇਰਤਾਂ ਅਤੇ ਕਰੂਰਤਾ ਪੂਰਵਕ ਵਰਤਾਰਾ ਮਾਨਵਤਾ ਵਿਰੋਧੀ ਹੈ,ਅਜਿਹੇ ਦਰਿੰਦਿਆਂ ਨੂੰ ਭਾਵੇਂ ਉਹ ਕੋਈ ਵੀ ਹੋਣ ਬਖਸ਼ਿਆ ਨਹੀ ਜਾਣਾ ਚਾਹੀਦਾ।ਪਰੰਤੂ ਇਸ ਦੇ ਰੋਸ ਵਿੱਚ ਆਪਸੀ ਭਾਈਚਾਰਕ ਸਾਂਝਾਂ ਨੂੰ ਤੋੜਨ ਵਾਲੇ ਰਾਹ ਤੁਰਨਾ ਵੀ ਉਪਰੋਕਤ ਵਰਤਾਰੇ ਤੋ ਛੋਟਾ ਜੁਰਮ ਨਹੀ ਹੈ। ਕੀ ਕਾਰਨ ਹੈ ਕਿ ਮਰਨ ਵਾਲੇ 27 ਵਿਅਕਤੀਆਂ ਵਿੱਚੋਂ 15 ਮੁਸਲਮਾਨਾਂ ਦੀ ਮੌਤ ਨੂੰ ਬਿਲਕੁਲ ਹੀ ਗੁਪਤ ਰੱਖਿਆ ਗਿਆ,ਜਦਕਿ ਪਰਚਾਰ ਇਹ ਕੀਤਾ ਗਿਆ ਹੈ ਕਿ ਦਹਿਸਤਗਰਦਾਂ ਵੱਲੋਂ ਮਰਨ ਵਾਲਿਆਂ ਦਾ ਧਰਮ ਪੁੱਛ ਕੇ ਕਤਲ ਕੀਤੇ ਗਏ।ਇਹ ਹਿੰਦੂ ਮੁਸਲਮਾਨ ਵਿਵਾਦ ਵਾਲੇ ਖਤਰਨਾਕ ਵਿਰਤਾਂਤ ਸਿਰਜਣ ਪਿੱਛੇ ਮਣਸਾ ਕੀ ਹੈ।,ਬਿਜਲਈ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੇ ਜਿਸਤਰਾਂ ਨਫਰਤ ਦਾ ਮਹੌਲ ਬਨਾਉਣ ਵਿੱਚ ਬੇਹੱਦ ਘਟੀਆ ਅਤੇ ਨੀਵੇਂ ਦਰਜੇ ਦੀ ਇਲਜ਼ਾਮ-ਤਰਾਸੀ ਕੀਤੀ ਜਾ ਰਹੀ ਹੈ,ਉਹ ਵਲ਼ਦੀ ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ। ਜੇਕਰ ਆਪਣੇ ਮੁਲਕ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਦੇਸ ਦਾ ਟੈਲੀਵਿਯਨ ਨਾਲ ਜੁੜਿਆ ਪੱਤਰਕਾਰ ਭਾਈਚਾਰਾ ਆਪਣੇ ਅਸਲ ਫਰਜਾਂ ਤੋ ਹੱਟ ਕੇ ਫਿਰਕੂ ਰੰਗਤ ਵਿੱਚ ਰੰਗਿਆ ਸਾਫ ਦਿਖਾਈ ਦੇ ਰਿਹਾ ਹੈ। ਵੱਖ ਵੱਖ ਚੈਨਲਾਂ ਤੇ ਚੱਲਦੀ ਬਹਿਸ ਨੂੰ ਦੇਖ ਸੁਣਕੇ ਇੰਜ ਮਹਿਸੂਸ ਹੁੰਦਾ ਹੈ ਜਿਵੇ ਮੀਡੀਏ ਦਾ ਕੰਮ ਮਹਿਜ ਲੜਾਈ ਦਾ ਮਹੌਲ ਤਿਆਰ ਕਰਨਾ ਹੀ ਰਹਿ ਗਿਆ ਹੋਵੇ। ਉਹਨਾਂ ਦੀਆਂ ਬਹਿਸਾਂ,ਚਰਚਾਵਾਂ ਸੁਣਕੇ ਇੰਜ ਜਾਪਦਾ ਹੈ ਜਿਵੇਂ ਦੋਵਾਂ ਮੁਲਕਾਂ ਦਰਮਿਆਨ ਲੜਾਈ ਲੱਗਣ ਵਿੱਚ ਕੁੱਝ ਹੀ ਪਲ ਬਚੇ ਹੋਣ। ਅਜਿਹੀਆਂ ਬਹਿਸਾਂ ਅਤੇ ਖਬਰਾਂ ਸੁਣ ਸੁਣ ਕੇ ਹਰ ਕੋਈ ਖ਼ੌਫ਼ਜਦਾ ਹੈ।ਖਾਸ ਕਰਕੇ ਪੰਜਾਬ ਦੇ ਵਾਸੀ ਇਸ ਤਣਾਅ ਪੂਰਨ ਮਹੌਲ ਤੋ ਜਿਆਦਾ ਚਿੰਤਤ ਦਿਖਾਈ ਦਿੰਦੇ ਹਨ।ਪੰਜਾਬੀਆਂ ਨੂੰ ਜਾਪਦਾ ਹੈ ਕਿ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਦੀ ਆਪਸੀ ਦੁਸ਼ਮਣੀ ਕਾਰਨ ਹੋਣ ਵਾਲੀ ਸੰਭਾਵਤ ਜੰਗ ਵਿੱਚ ਸਿੱਖ ਭਾਈਚਾਰਾ ਬਗੈਰ ਗੱਲੋਂ ਹੀ ਪੀਸਿਆ ਜਾਵੇਗਾ। ਇੱਕ ਹੋਰ ਖਦਸ਼ਾ ਜਿਹੜਾ ਆਮ ਤੌਰ ਤੇ ਜਾਗਦੀ ਸਿੱਖ ਸੋਚ ਵਿੱਚ ਪਾਇਆ ਜਾ ਰਿਹਾ ਹੈ,ਉਹ ਇਹ ਹੈ ਕਿ ਸਿੱਖਾਂ ਲਈ ਜਿੱਥੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ (ਬਿਹਾਰ) ਅਤੇ ਜੋਤੀ ਜੋਤ ਸਮਾਉਣ ਵਾਲੇ ਅਸਥਾਨ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ (ਮਹਾਰਾਸ਼ਟਰਾ) ਜਾਨ ਤੋ ਵੱਧ ਪਿਆਰੇ ਹਨ,ਓਥੇ ਸਿੱਖ ਕੌਂਮ ਦੇ ਸੰਸਥਾਪਕ ਅਤੇ ਸਿੱਖ ਧਰਮ ਦੇ ਪਹਿਲੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ,ਅਤੇ ਅਖੀਰਲੇ ਸਮੇ ਵਿੱਚ ਗੁਰੂ ਸਾਹਿਬ ਨੇ ਜਿੰਦਗੀ ਦਾ ਸਭ ਤੋ ਵੱਧ ਸਮਾ ਜਿੱਥੇ ਰਹਿ ਕੇ ਖੇਤੀ ਕਰਕੇ ਗੁਜ਼ਾਰਿਆ ਅਤੇ ਸਿੱਖਾਂ ਨੂੰ ਵਿਹਾਰਕ ਰੂਪ ਵਿੱਚ ਕਿਰਤ ਦੇ ਸਿਧਾਂਤ ਨਾਲ ਜੋੜਿਆ ਉਹ ਪਵਿੱਤਰ ਅਸਥਾਨ ਸ੍ਰੀ ਕਰਤਾਰ ਸਾਹਿਬ ਪਾਕਿਸਤਾਨ ਵਾਲੇ ਲਹਿੰਦੇ ਪੰਜਾਬ ਵਿੱਚ ਸ਼ਸ਼ੋਭਤ ਹਨ,ਸੋ ਇਸ ਲਈ ਸਿੱਖਾਂ ਦਾ ਲਗਾਓ ਜਿੱਥੇ ਭਾਰਤ ਨਾਲ ਹੈ,ਓਥੇ ਪਾਕਿਸਤਾਨ ਨਾਲ ਵੀ ਉਸ ਤੋ ਘੱਟ ਨਹੀ ਹੈ।ਇਸ ਤੋ ਇਲਾਵਾ ਜਦੋ ਸਿੱਖ ਆਪਣੇ ਪਿਛੋਕੜ ਵੱਲ ਝਾਤ ਮਾਰਦੇ ਹਨ ਤਾਂ ਉਹਨਾਂ ਨੂੰ ਜਦੋ ਆਪਣੇ ਪੁਰਖਿਆਂ ਦੇ ਰਾਜ ਭਾਗ ਦਾ ਚੇਤਾ ਆਉਂਦਾ ਹੈ,ਤਾਂ ਵੀ ਸਿੱਖਾਂ ਦਾ ਮਨ ਲਹੌਰ ਅਤੇ ਗੁੱਜਰਾਂ ਵਾਲੇ ਵੱਲ ਖਿੱਚਿਆ ਜਾਂਦਾ ਹੈ।ਸੋ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਜੇਕਰ ਸਿੱਖ ਸਰੀਰਕ ਰੂਪ ਵਿੱਚ ਭਾਰਤ ਦੇ ਕਬਜੇ ਵਾਲੇ ਚੜ੍ਹਦੇ ਪੰਜਾਬ ਵਿੱਚ ਵਸਦੇ ਹਨ,ਤਾਂ ਉਹਨਾਂ ਦਾ ਦਿਲ ਹਮੇਸ਼ਾ ਨਨਕਾਣਾ ਸਾਹਿਬ,ਪੰਜਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਤੇ ਖਾਲਸਾ ਰਾਜ ਦੀਆਂ ਜਾਦਗਾਰਾਂ ਜਿੰਨਾਂ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਕਿਲੇ,ਹਵੇਲੀਆਂ ਤੋ ਇਲਾਵਾ ਉਹਨਾਂ ਦੀ ਸਮਾਧ ਅਤੇ ਖਾਲਸਾ ਰਾਜ ਦੀ ਰਾਜਧਾਨੀ ਲਹੌਰ ਦਰਬਾਰ ਲਈ ਵੀ ਧੜਕਦਾ ਹੈ ਅਤੇ ਧੜਕਦਾ ਰਹੇਗਾ। ਜੇਕਰ ਕੋਈ ਸਿੱਖਾਂ ਨੂੰ ਆਪਣੇ ਪੁਰਖਿਆਂ ਤੋ ਦੂਰ ਕਰਨ ਜਾਂ ਉਹਨਾਂ ਅਸਥਾਨਾਂ ਪ੍ਰਤੀ ਨਫਰਤ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਉਹ ਕਾਬਲੇ ਬਰਦਾਸ਼ਤ ਨਹੀ ਹੋ ਸਕਦਾ। ਇਸ ਤੋ ਅੱਗੇ ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸਿੱਖ ਕੌਂਮ ਹੀ ਦੁਨੀਆਂ ਤੇ ਇੱਕ ਅਜਿਹੀ ਕੌਂਮ ਹੈ,ਜਿਹੜੀ ਆਪਣੀ ਨਿੱਤ ਦੀ ਅਰਦਾਸ ਬੇਨਤੀ ਵਿੱਚ ਸਿਰਫ ਆਪਣਾ ਹੀ ਨਹੀ ਬਲਕਿ ਸਮੁੱਚੀ ਕਾਇਨਾਤ ਦੇ ਭਲੇ ਦੀ ਸੁੱਖ ਵੀ ਮੰਗਦੀ ਹੈ। ਸੋ ਸਰਬਤ ਦੇ ਭਲੇ ਵਾਲੀ ਕੌਂਮ ਕਦੇ ਵੀ ਹਿੰਸਕ ਅਤੇ ਫਿਰਕੂ ਨਫਰਤ ਪੈਦਾ ਕਰਨ ਦੇ ਹੱਕ ਵਿੱਚ ਨਹੀ ਭੁਗਤ ਸਕਦੀ। ਸਿੱਖ ਇਹ ਮਹਿਸੂਸ ਕਰਦੇ ਹਨ ਕਿ ਚੜ੍ਹਦਾ ਪੰਜਾਬ ਪਾਕਿਸਤਾਨ ਅਤੇ ਭਾਰਤ ਦੇ ਦਰਮਿਆਨ ਹੋਣ ਕਰਕੇ ਉਹ ਦੋਵਾਂ ਮੁਲਕਾਂ ਦੀ ਆਪਸੀ ਨਫ਼ਰਤ ਕਾਰਨ ਪੈਦਾ ਹੋਣ ਵਾਲੇ ਜੰਗੀ ਹਾਲਾਤਾਂ ਵਿੱਚ ਸਭ ਤੋ ਵੱਧ ਪ੍ਰਭਾਵਤ ਹੋਵੇਗਾ। ਬਹੁ ਗਿਣਤੀ ਸਿੱਖ ਇਹ ਵੀ ਮਹਿਸੂਸ ਕਰਦੇ ਹਨ ਕਿ ਜੇਕਰ ਦੋਵਾਂ ਮੁਲਕਾਂ ਦਰਮਿਆਨ ਜੰਗ ਲੱਗਦੀ ਹੈ, ਤਾਂ ਪੰਜਾਬ ਆਪਣੀ ਭੁਗੋਲਿਕ ਸਥਿੱਤੀ ਕਾਰਨ ਹੀ ਨਪੀੜਿਆ ਜਾਵੇਗਾ। ਇੱਕ ਅਨੁਮਾਨ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ 1,216 ਕਿਲੋਮੀਟਰ ਦੇ ਕਰੀਬ,ਰਾਜਸਥਾਨ ਦਾ 1,035 ਕਿਲੋਮੀਟਰ,ਗੁਜਰਾਤ ਦਾ 512 ਕਿਲੋਮੀਟਰ ਦੇ ਕਰੀਬ ਅਤੇ ਪੰਜਾਬ ਦਾ 547 ਕਿਲੋਮੀਟਰ ਤੱਕ ਦੇ ਕਰੀਬ ਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ। ਸਾਰੇ ਹੀ ਪਾਸਿਆਂ ਤੋ ਇੱਕ ਦੂਜੇ ਤੇ ਹਮਲੇ ਕਰਨ ਦਾ ਕੋਈ ਵੀ ਮੌਕਾ ਦੋਵੇਂ ਹੀ ਮੁਲਕਾਂ ਵੱਲੋਂ ਖੁੰਝਣ ਨਹੀ ਦਿੱਤਾ ਜਵੇਗਾ,ਪਰੰਤੂ ਸਿੱਖ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਖਦਸ਼ਾ ਇਹ ਪਾਇਆ ਜਾ ਰਿਹਾ ਹੈ ਕਿ ਹਮਲੇ ਭਾਵੇਂ ਕਿਸੇ ਵੀ ਪਾਸੇ ਤੋ ਹੋਣ ਪਰੰਤੂ ਮੌਤ ਦਾ ਅਖਾੜਾ ਪੰਜਾਬ ਨੂੰ ਬਣਾਏ ਜਾਣ ਦੀਆਂ ਸੰਭਾਵਨਾਵਾਂ ਸਭ ਤੋ ਜਿਆਦਾ ਦਿਖਾਈ ਦਿੰਦੀਆਂ ਹਨ। ਵਿਗਿਆਨਿਕ ਯੁੱਗ ਦੀ ਇਸ ਇੱਕੀਵੀਂ ਸਦੀ ਵਿੱਚ ਜਦੋ ਮਨੁੱਖ ਆਪਣੇ ਹੀ ਬੁਣੇ ਅਧੁਨਿਕਤਾ ਦੇ ਜਾਲ ਵਿੱਚ ਖਤਰਨਾਕ ਹੱਦ ਤੱਕ ਗਰਕ ਚੁੱਕਾ ਹੈ ਅਤੇ ਬਹੁਤ ਸਾਰੇ ਮੁਲਕ ਭਾਰਤ ਅਤੇ ਪਾਕਿਸਤਾਨ ਸਮੇਤ ਪਰਮਾਣੂ ਊਰਜਾ ਨੂੰ ਆਪਣੇ ਵਿਨਾਸ਼ ਲਈ ਵਰਤੋਂ ਦਾ ਸਾਧਨ ਬਣਾ ਕੇ ਬੈਠੇ ਹੋਏ ਹਨ, ਅਜਿਹੇ ਹਾਲਾਤਾਂ ਵਿੱਚ ਜੰਗ ਲਈ ਸੋਚਣਾ ਸਿਆਣਪ ਨਹੀ ਸਮਝੀ ਜਾ ਸਕਦੀ,ਕਿਉਂਕਿ ਵਿਨਾਸ਼ ਦੇ ਸਾਧਨ ਦੋਵਾਂ ਮੁਲਕਾਂ ਕੋਲ ਉਪਲਭਦ ਹਨ,ਸੋ “ਮਰਦਾ ਕੀ ਨਾ ਕਰਦਾ” ਵਾਲੇ ਹਾਲਾਤ ਬਨਣ ਤੇ ਕੋਈ ਵੀ ਮੁਲਕ ਇਸ ਵਿਨਾਸ਼ਕਾਰੀ ਊਰਜਾ ਦੀ ਵਰਤੋਂ ਕਰਨ ਤੋ ਗੁਰੇਜ਼ ਨਹੀ ਕਰੇਗਾ।ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨੁਕਸਾਨ ਦਾ ਅੰਦਾਜ਼ਾ ਲਾਉਣ ਵਾਲੇ ਵੀ ਸ਼ਾਇਦ ਬਚ ਨਹੀ ਪਾਉਣਗੇ। ਟੈਲੀਵਿਜਨਾਂ ਦੀਆਂ ਅੱਗ ਲਾਊ ਭੜਕਾਹਟ ਪੈਦਾ ਕਰਨ ਵਾਲੀਆਂ ਚਰਚਾਵਾਂ ਦੇ ਵਿਸ਼ਲੇਸ਼ਿਕ ਅਤੇ ਰਾਜਨੀਤੀਵਾਂਨ ਵੀ ਅਜਿਹੇ ਵਿਨਾਸ਼ ਦੇ ਦੁਰ-ਪ੍ਰਭਾਵ ਤੋ ਬਚ ਨਹੀ ਸਕਣਗੇ। ਆਪਣੇ ਆਪਣੇ ਮੁਲਕਾਂ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਨ ਲਈ ਹੀ ਜੇਕਰ ਹਕੂਮਤਾਂ ਅਜਿਹੇ ਖਤਰਨਾਕ ਅਤੇ ਆਪਾ ਵਿਰੋਧੀ ਕਦਮ ਚੁੱਕਣ ਬਾਰੇ ਬਿਉਂਤਾਂ ਬਣਾ ਰਹੀਆਂ ਹਨ ਅਤੇ ਉਹਨਾਂ ਬਿਉਂਤਾਂ ਨੂੰ ਅੰਜਾਮ ਦੇ ਦਿੰਦੀਆਂ ਹਨ,ਤਾਂ ਇਸ ਦੌਰ ਨੂੰ ਇਤਿਹਾਸ ਵਿੱਚ ਸਭ ਤੋ ਕਰੂਰ ਸਮੇ ਵਜੋਂ ਯਾਦ ਕੀਤਾ ਜਾਵੇਗਾ। ਦੇਸ਼ ਦੇ ਬੁੱਧੀਜੀਵੀ,ਪੱਤਰਕਾਰ,ਵਿਸ਼ਲੇਸ਼ਿਕ ਅਤੇ ਰਾਜਨੀਤੀਵਾਂਨਾਂ ਨੂੰ ਅਜਿਹੀਆਂ ਅੱਗ ਲਾਊ ਬਹਿਸਾਂ, ਚਰਚਾਵਾਂ ਤੋ ਬਚਣਾ ਚਾਹੀਦਾ ਹੈ,ਜਿਹੜੀਆਂ ਮਾਨਵਤਾ ਦੇ ਹਿੱਤ ਵਿੱਚ ਨਾ ਹੋਣ,ਸਗੋ ਮਾਨਵਤਾ ਦੇ ਭਲੇ ਹਿਤ “ਸਰਬਤ ਦੇ ਭਲੇ” ਦੇ ਸੰਕਲਪ ਤੇ ਪਹਿਰਾ ਦਿੰਦੇ ਹੋਏ ਆਪਸੀ ਪਰੇਮ ਪਿਆਰ ਅਤੇ ਸਰਬ ਸਾਂਝੀਵਾਲਤਾ ਨੂੰ ਮਜਬੂਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ,ਤਾਂ ਕਿ ਫਿਰਕੂ ਨਫਰਤਾਂ ਦੇ ਇਸ ਮਹਾਂ ਵਿਨਾਸ਼ਕਾਰੀ ਦੌਰ ਚੋਂ ਸਾਂਤੀ ਪੂਰਵਕ ਤਰੀਕੇ ਨਾਲ ਗੁਜ਼ਰਿਆ ਜਾ ਸਕੇ,ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀ ਹੋ ਸਕਦੀ ਅਤੇ ਨਫਰਤਾਂ ਹਮੇਸਾਂ ਵਿਨਾਸ਼ ਹੀ ਜੰਮਦੀਆਂ ਹਨ।
ਬਘੇਲ ਸਿੰਘ ਧਾਲੀਵਾਲ
99142-58142