ਧਨੌਲਾ, 1ਮਈ (ਚਮਕੌਰ ਸਿੰਘ ਗੱਗੀ)-ਬੀਤੀ ਰਾਤ ਧਨੌਲਾ ਵਿਖੇ ਇਕ ਤੇਜ ਰਫਤਾਰ ਪਿਕਅੱਪ ਚਾਲਕ ਵੱਲੋਂ ਸਾਇਕਲ ਤੇ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਸਾਇਕਲ ਸਵਾਰ ਦੀ ਮੌਤ ਹੋ ਗਈ, ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਚਾਲਕ ਸਾਇਕਲ ਸਵਾਰ ਨੂੰ ਦੋ ਕਿਲੋਮੀਟਰ ਘੜੀਸਦਾ ਗਿਆ ਅਤੇ ਦਾਨਗੜ੍ਹ ਰੋਡ ਤੇ ਸਾਇਕਲ ਨਿਕਲ ਗਿਆ ਉਦੋਂ ਤੱਕ ਸਾਇਕਲ ਸਵਾਰ ਦੀ ਮੌਤ ਹੋ ਚੁੱਕੀ ਸੀ, ਤੇ ਚਾਲਕ ਗੱਡੀ ਸਮੇਤ ਫਰਾਰ ਹੋ ਗਿਆ। ਜਿਸਦਾ ਸਥਾਨਕ ਲੋਕਾਂ ਵੱਲੋਂ ਪਿੱਛਾ ਕੀਤਾ ਗਿਆ ਜਿਸ ਵੱਲੋਂ ਅੱਗੇ ਬਰਨਾਲਾ ਜਾ ਕੇ ਹੰਡਾਇਆ ਰੋਡ ਤੇ ਇੱਕ ਹੋਰ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਨੌਜਵਾਨ ਦੀ ਵੀ ਮੌਤ ਹੋ ਗਈ, ਜਿਸ ਤੋਂ ਬਾਅਦ ਲੋਕਾਂ ਵੱਲੋਂ ਪਿਕਅੱਪ ਚਾਲਕ ਨੂੰ ਘੇਰ ਲਿਆ ਅਤੇ ਖੂਬ ਸਿੱਤਰ ਪਰੇਡ ਕੀਤੀ। ਕਾਰ ਚਾਲਕ ਦੀ ਪਹਿਚਾਣ ਤੇ ਪੁਲਿਸ ਕਾਲਾ ਸਿੰਘ ਪੁੱਤਰ ਸੰਤੋਖ ਸਿੰਘ ਵਜੋਂ ਹੋਈ ਹੈ ਅਤੇ ਸ਼ਰਾਬ ਕਾਰੋਬਾਰੀ ਸੂਦ ਫਰਮ ਦੇ ਡਰਾਈਵਰੀ ਕਰਦਾ ਸੀ ਤੇ ਗੱਡੀ ਵੀ ਉਨ੍ਹਾਂ ਦੀ ਫਰਮ ਦੇ ਨਾਮ ਹੈ। ਜਿਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਦੋਵੇਂ ਵਿਅਕਤੀ ਧਨੌਲਾ ਦੇ ਰਹਿਣ ਵਾਲੇ ਸਨ, ਜਿਨ੍ਹਾਂ ਵਿਚੋਂ ਇੱਕ ਸੁਣਨ ਅਤੇ ਬੋਲਣ ਤੋਂ ਅਸਮਰਥ ਵਿਅਕਤੀ ਭੁਸਨ ਕੁਮਾਰ ਵਜੋਂ ਹੋਈ ਹੈ ਜਿਹੜਾ ਇਕ ਮੰਦਿਰ ਵਿੱਚ ਹੀ ਸੇਵਾ ਕਰਦਾ ਸੀ, ਇਸੇ ਤਰਾਂ ਦੂਸਰੇ ਨੌਜਵਾਨ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਉਰਫ ਪਾਲੀ (23)ਪੁੱਤਰ ਭੋਲਾ ਸਿੰਘ ਵਾਸੀ ਮਾਨਾ ਪੱਤੀ ਵਜੋਂ ਹੋਈ ਹੈ ਜਿਹੜਾ ਇੱਕ ਪੈਟਰੋਲ ਪੰਪ ਤੇ ਨੌਕਰੀ ਕਰਦਾ ਸੀ, ਥਾਣਾ ਧਨੌਲਾ ਦੇ ਇੰਚਾਰਜ ਇੰਸਪੈਕਟਰ ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਕਅੱਪ ਗੱਡੀ ਦੇ ਡਰਾਈਵਰ ਨੂੰ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ, ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਅਤੇ ਉਸ ਹੌਲਦਾਰ ਰਣਜੀਤ ਸਿੰਘ ਵੱਲੋਂ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ।