ਬਰਨਾਲਾ, 2 ਮਈ (ਬਘੇਲ ਸਿੰਘ ਧਾਲੀਵਾਲ/ਜੱਸਾ ਸਿੰਘ ਮਾਣਕੀ)-ਜਦੋਂ ਭਗਵੰਤ ਸਿੰਘ ਮਾਨ ਪੰਜਾਬੀ ਸੱਭਿਆਚਾਰਕ ਖੇਤਰ ਵਿੱਚ ਬਤੌਰ ਕਮੇਡੀਅਨ ਪ੍ਰਸਿੱਧ ਸੀ,ਉਸ ਸਮੇਂ ਪਰਵਿੰਦਰ ਸਿੰਘ ਪੁੰਨੂ ਕਾਤਰੋ ਵੀ ਆਪਣਾ ਇੱਕ ਸੱਭਿਆਚਾਰਕ ਗਰੁੱਪ (ਪੰਜਾਬੀ ਸੱਭਿਆਚਾਰਕ ਮੰਚ ਪੰਜਾਬ) ਬਣਾਕੇ ਨਵੇਂ ਗਾਇਕਾਂ ਅਤੇ ਗੀਤਕਾਰਾਂ ਨੂੰ ਪੇਸ਼ ਕਰਦਾ ਹੁੰਦਾ ਸੀ। ਇੱਕੋ ਲਾਇਨ ਹੋਣ ਕਰਕੇ ਉਹਨਾਂ ਦੇ ਬਹੁਤ ਸਾਰੇ ਵੱਡੇ ਕਲਾਕਾਰਾਂ ਨਾਲ ਨੇੜਲੇ ਸਬੰਧ ਸਨ,ਜਿੰਨਾਂ ਵਿੱਚ ਭਗਵੰਤ ਸਿੰਘ ਮਾਨ ਵੀ ਉਹਨਾਂ ਦਾ ਨੇੜਲਾ ਸਾਥੀ ਸੀ।ਇਹੋ ਕਾਰਨ ਸੀ ਕਿ ਪੁੰਨੂ ਕਾਤਰੋਂ ਭਗਵੰਤ ਮਾਨ ਅਤੇ ਮਨਪ੍ਰੀਤ ਬਾਦਲ ਵੱਲੋਂ ਰਲਕੇ ਬਣਾਈ ਪੰਜਾਬ ਪੀਪਲਜ ਪਾਰਟੀ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਗਿਆ। ਏਥੇ ਹੀ ਬੱਸ ਨਹੀ ਜਦੋਂ ਮਨਪ੍ਰੀਤ ਬਾਦਲ ਅਤੇ ਭਗਵੰਤ ਮਾਨ ਨੇ ਆਪਣੀ ਪਾਰਟੀ ਭੰਗ ਕਰਕੇ ਵੱਖ ਵੱਖ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਲਿਆ,ਤਾਂ ਵੀ ਪੁੰਨੂ ਕਾਤਰੋ ਮਨਪ੍ਰੀਤ ਬਾਦਲ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਹੀ ਸੀ ਹੋਇਆ ਬਲਕਿ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਕੇ ਪਾਰਟੀ ਦੀ ਬਿਹਤਰੀ ਲਈ ਸਰਗਰਮ ਹੋ ਗਿਆ। 2014 ਵਿੱਚ ਜਦੋਂ ਭਗਵੰਤ ਮਾਨ ਪਹਿਲੀ ਵਾਰ ਸੰਗਰੂਰ ਤੋਂ ਐਮਪੀ ਬਣਿਆ,ਤਾਂ ਉਸ ਸਮੇਂ ਵੀ ਮਾਨ ਦੀ ਜਿੱਤ ਵਿੱਚ ਪੁੰਨੂ ਦਾ ਵੱਡਾ ਯੋਗਦਾਨ ਰਿਹਾ ਅਤੇ ਉਨ੍ਹਾਂ ਦੇ ਮੈਂਬਰ ਪਾਰਲੀਮੈਂਟ ਦੇ ਕਾਰਜ ਕਾਲ ਦੌਰਾਨ ਉਹ ਅਕਸਰ ਹੀ ਭਗਵੰਤ ਮਾਨ ਵੱਲੋਂ ਲਾਈਆਂ ਜਿੰਮੇਵਾਰੀਆਂ ਅਨੁਸਾਰ ਕੰਮ ਧੰਦਿਆਂ ਲਈ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਸੁਣਦਾ ਅਤੇ ਉਹਨਾਂ ਨੂੰ ਹੱਲ ਕਰਵਾਉਂਦਾ ਰਿਹਾ। ਉਸ ਸਮੇਂ ਤੱਕ ਭਗਵੰਤਮਾਨ ਦਾ ਪੁੰਨੂ ਦੇ ਘਰ ਕਾਫੀ ਆਉਣ ਜਾਣ ਸੀ,ਪਰ ਜਦੋਂ 2022 ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਲੜੀ ਚੋਣ ਪਾਰਟੀ ਨੇ ਵੱਡੇ ਬਹੁਮੱਤ ਨਾਲ ਜਿੱਤ ਲਈ ਅਤੇ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ,ਪ੍ਰੰਤੂ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਮਾਨ ਸਰਕਾਰ ਵੱਲੋਂ ਆਪਣੇ ਸਭ ਤੋ ਪੁਰਾਣੇ ਸਾਥੀ ਅਤੇ ਹੋਲ ਟਾਇਮਰ ਵਲੰਟੀਅਰ ਨੂੰ ਸਰਕਾਰ ਵਿੱਚ ਕੋਈ ਬਣਦੀ ਜਿੰਮੇਵਾਰੀ ਨਹੀ ਦਿੱਤੀ ਗਈ। ਇਸ ਦੇ ਬਾਵਜੂਦ ਵੀ ਪੁੰਨੂ ਕਾਤਰੋਂ ਨੇ ਆਪਣੀਆਂ ਸੇਵਾਵਾਂ ਬਤੌਰ ਸੂਬਾ ਜੁਆਇੰਟ ਸੈਕਟਰੀ ਪਾਰਟੀ ਨੂੰ ਸਮਰਪਿਤ ਕੀਤੀਆਂ ਹੋਈਆਂ ਹਨ। ਇਹ ਵੀ ਕੌੜਾ ਸੱਚ ਹੈ ਕਿ ਬਹੁਤ ਸਾਰੇ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਲਈ ਪੁੰਨੂ ਕਾਤਰੋਂ ਰਾਹ ਦਸੇਰਾ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੁੰਨੂ ਧੂਰੀ ਹਲਕੇ ਤੋਂ ਦਾਅਵੇਦਾਰ ਸਨ,ਪਰ ਇਸ ਹਲਕੇ ਤੋਂ ਭਗਵੰਤ ਮਾਨ ਵੱਲੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਉਹਨਾਂ ਖੁਦ ਚੋਣ ਲੜਨ ਦਾ ਖਿਆਲ ਛੱਡਕੇ ਭਗਵੰਤ ਦੀ ਚੋਣ ਜਿੱਤਣ ਉੱਤੇ ਆਪਣਾ ਪੂਰਾ ਧਿਆਨ ਕੇਂਦਰਿਤ ਕੀਤਾ,ਲਿਹਾਜ਼ਾ ਭਗਵੰਤ ਮਾਨ ਸਨਮਾਨਜਨਕ ਤਰੀਕੇ ਨਾਲ ਚੋਣ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਗਏ।ਸਵਾਲ ਇਹ ਉੱਠਦਾ ਹੈ ਕਿ ਅਤੀ ਨਜਦੀਕੀਆਂ ਅਤੇ ਸਖਤ ਮਿਹਨਤ ਕਰਨ ਦੇ ਬਾਵਜੂਦ ਪੁੰਨੂ ਕਾਤਰੋ ਖੁਦ ਪਾਰਟੀ ਵੱਲੋਂ ਅਣਗੌਲਿਆ ਕਿਵੇਂ ਰਹਿ ਗਿਆ? ਇਹ ਸਵਾਲ ਪੁੰਨੂ ਨੂੰ ਨੇੜਿਉਂ ਜਾਨਣ ਵਾਲੇ ਮਿੱਤਰਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।