ਜਲੰਧਰ : Jalandhar Politics : ਪੰਜ ਸਾਲ ਸੱਤਾ 'ਚ ਰਹਿਣ ਦੇ ਬਾਵਜੂਦ ਕਾਂਗਰਸ ਦੀ ਜਲੰਧਰ ਸ਼ਹਿਰੀ ਕਮੇਟੀ ਆਰਥਿਕ ਪੱਖੋਂ ਤੰਗਹਾਲ ਹੈ। ਹਾਲਾਤ ਇਹ ਹੈ ਕਿ ਕਾਂਗਰਸ ਭਵਨ ਨੂੰ ਦੁਕਾਨਾਂ ਤੋਂ ਮਿਲਣ ਵਾਲੇ 30 ਹਜ਼ਾਰ ਕਿਰਾਏ ਤੋਂ ਇਲਾਵਾ ਕੋਈ ਆਮਦਨ ਨਹੀਂ ਹੈ। ਇਸੇ ਵਜ੍ਹਾ ਨਾਲ ਕਾਂਗਰਸ ਭਵਨ ਦਾ ਬਿਜਲੀ ਕੁਨੈਕਸ਼ਨ ਕੱਟਿਆ ਗਿਆ ਤੇ ਪਾਰਟੀ ਆਗੂਆਂ ਨੂੰ ਜ਼ਲਾਲਤ ਝੱਲਣੀ ਪੈ ਰਹੀ ਹੈ।
ਸੱਤਾ 'ਚ ਆਉਣ 'ਤੇ ਹੀ ਸਰਗਰਮ ਹੁੰਦੇ ਹਨ ਪਾਰਟੀ ਆਗੂ
ਕਾਂਗਰਸ ਭਵਨ ਦੀ ਬਿਲਡਿੰਗ ਦਾ ਕਰੀਬ 3.75 ਲੱਖ ਬਿਜਲੀ ਦਾ ਬਿੱਲ ਲੰਬਿਤ ਹੈ। ਕਾਂਗਰਸ ਪੰਜ ਸਾਲ ਸੱਤਾ 'ਚ ਰਹੀ, ਪਰ ਅਹਿਮ ਅਹੁਦਿਆਂ 'ਤੇ ਰਹਿਣ ਵਾਲੀ ਪਾਰਟੀ ਆਗੂਆਂ ਨਾਲ ਇੰਨੀ ਮਦਦ ਨਹੀਂ ਲਈ ਕਿ ਕਾਂਗਰਸ ਭਵਨ ਦਾ ਬਿਜਲੀ ਦਾ ਬਿੱਲ ਚੁਕਾਇਆ ਜਾ ਸਕੇ। ਕਰੀਬ ਪੰਜ ਸਾਲ ਤੋਂ ਬਿਜਲੀ ਦਾ ਬਿੱਲ ਲੰਬਿਤ ਚੱਲਦਾ ਆ ਰਿਹਾ ਹੈ। ਸਿਰਫ਼ ਦਲਜੀਤ ਸਿੰਘ ਆਹਲੂਵਾਲੀਆ ਦੇ ਕਾਰਜਕਾਲ ਵੇਲੇ ਇਕ ਲੱਖ ਰੁਪਏ ਬਿੱਲ ਜਮ੍ਹਾਂ ਕਰਵਾਇਆ ਗਿਆ ਸੀ। ਕਰੀਬ ਢਾਈ ਸਾਲ ਬਲਦੇਵ ਸਿੰਘ ਦੇਵ ਕੋਲ ਕਮਾਨ ਰਹੀ ਤੇ ਉਸ ਤੋਂ ਬਾਅਦ ਕਰੀਬ ਇਕ ਸਾਲ ਤੋਂ ਬਲਰਾਜ ਠਾਕੁਰ ਪ੍ਰਧਾਨ ਹਨ। ਕਿਸੇ ਨੇ ਵੀ ਬਿੱਲ ਅਦਾ ਨਹੀਂ ਕੀਤਾ।
ਛੇ ਦਿਨ ਬਾਅਦ ਵੀ ਨਹੀਂ ਭਰਿਆ ਬਿਜਲੀ ਬਿੱਲ
ਜ਼ਿਲ੍ਹਾ ਕਾਂਗਰਸ ਭਵਨ ਦਾ ਬਿਜਲੀ ਕੁਨੈਕਸ਼ਨ ਕੱਟਿਆ ਜਾ ਚੁੱਕਾ ਹੈ। ਛੇ ਦਿਨ ਬੀਤ ਜਾਣ ਦੇ ਬਾਵਜੂਦ ਬਿਜਲੀ ਦਾ ਬਿੱਲ ਭਵਨ ਨੇ ਜਮ੍ਹਾਂ ਨਹੀਂ ਕਰਵਾਇਆ ਹੈ। ਜ਼ਿਲ੍ਹਾ ਕਾਂਗਰਸ ਭਵਨ ਬਿੱਲ 'ਤੇ ਲੱਗਣ ਵਾਲੇ ਸਰਚਾਰਜ ਦਾ ਇੰਤਜ਼ਾਰ ਕਰ ਰਿਹਾ ਹੈ। ਦੋ ਹਫ਼ਤੇ ਦੇ ਅੰਦਰ ਜ਼ਿਲ੍ਹਾ ਕਾਂਗਰਸ ਭਵਨ ਦਾ ਬਿੱਲ ਜਮ੍ਹਾਂ ਨਹੀਂ ਹੁੰਦਾ ਹੈ ਤਾਂ ਬਿੱਲ 'ਤੇ ਪੰਜ ਫ਼ੀਸਦ ਸਰਚਾਰਜ ਲੱਗ ਜਾਵੇਗਾ। ਜਿੱਥੇ ਕਾਂਗਰਸ ਭਵਨ ਦਾ ਬਿੱਲ 3.75 ਲੱਖ ਰੁਪਏ ਹੈ। ਪੰਜ ਫ਼ੀਸਦ ਸਰਚਾਰਜ ਜੁੜ ਕੇ ਬਿਜਲੀ ਬਿੱਲ ਦੀ ਰਕਮ ਵਧ ਜਾਵੇਗੀ।
ਕਾਂਗਰਸ ਭਵਨ 'ਤੇ ਜੁਰਮਾਨਾ ਲਾਉਣ ਦੀ ਤਿਆਰੀ
ਸਿੱਧੀ ਕੁੰਡੀ ਲਾਉਣ 'ਤੇ ਪਾਵਰਕਾਮ ਜ਼ਿਲ੍ਹਾ ਕਾਂਗਰਸ ਭਵਨ 'ਤੇ ਜੁਰਮਾਨਾ ਲਾਉਣ ਦੀ ਤਿਆਰੀ 'ਚ ਹੈ। ਬਿਜਲੀ ਚੋਰੀ ਦਾ ਮਾਮਲਾ ਡਿਪਟੀ ਚੀਫ ਇੰਜੀਅਨਰ ਕੋਲ ਪਹੁੰਚ ਚੁੱਕਾ ਹੈ। ਪਾਵਰਕਾਮ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੁਰਮਾਨਾ ਲਗਾ ਸਕਦਾ ਹੈ। ਜੇਕਰ ਕੋਈ ਯੂਜ਼ਰ ਬਿਜਲੀ ਚੋਰੀ ਕਰਦਾ ਹੈ ਤਾਂ ਪਾਵਰਕਰਮੀ ਜੁਰਮਾਨਾ ਠੋਕ ਦਿੰਦੇ ਹਨ। ਹੁਣ ਪਾਵਰਕਾਮ ਜ਼ਿਲ੍ਹਾ ਕਾਂਗਰਸ ਭਵਨ 'ਤੇ ਜੁਰਮਾਨਾ ਲਾਉਣ ਦੀ ਤਿਆਰੀ ਕਰ ਰਹੀ ਹੈ।