ਲੁਧਿਆਣਾ ਦੀ ਸਬਜ਼ੀ ਮੰਡੀ 'ਚ ਮੰਗਲਵਾਰ ਦੁਪਹਿਰ ਲਗਭਗ 2:15 ਵਜੇ ਭਿਆਨਕ ਅੱਗ ਲੱਗ ਗਈ। ਅੱਗ ਫਲਾਂ ਦੇ ਸ਼ੈੱਡ ਨੰਬਰ 30 ਵਿੱਚ ਪਲਾਸਟਿਕ ਦੇ ਕਰੇਟਾਂ ਵਿੱਚ ਲੱਗੀ ਅਤੇ ਕੁਝ ਹੀ ਮਿੰਟਾਂ ਵਿੱਚ ਇਸਨੇ ਤੀਬਰ ਰੂਪ ਧਾਰ ਲਿਆ। ਅੱਗ ਲੱਗਣ ਤੋਂ ਬਾਅਦ ਕਈ ਧਮਾਕੇ ਵੀ ਸੁਣੇ ਗਏ, ਜਿਸ ਕਾਰਨ ਮੰਡੀ ਵਿੱਚ ਹੜਕੰਪ ਮਚ ਗਿਆ।
ਅੱਗ ਦੀਆਂ ਲਪਟਾਂ ਅਸਮਾਨ ਤੱਕ ਪਹੁੰਚ ਗਈਆਂ ਅਤੇ ਧੂੰਏਂ ਦੇ ਗੁਬਾਰ ਕਈ ਕਿਲੋਮੀਟਰ ਤੱਕ ਦਿਖਾਈ ਦਿੱਤੇ। ਸਬਜ਼ੀ ਤੇ ਫਲ ਵਿਕਰੇਤਾਵਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 2 ਤੋਂ 3 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕੀਤਾ ਗਿਆ। ਅੱਗ ਬੁਝਾਉਣ ਤੋਂ ਪਹਿਲਾਂ ਦੁਕਾਨਦਾਰਾਂ ਨੇ ਖੁਦ ਵੀ ਕੋਸ਼ਿਸ਼ ਕੀਤੀ, ਪਰ ਅੱਗ ਦੀ ਤੀਬਰਤਾ ਕਾਰਨ ਉਹ ਕਾਬੂ ਨਹੀਂ ਪਾ ਸਕੇ।
ਦੁਕਾਨਦਾਰ ਕੁਲਦੀਪ ਨੇ ਦੱਸਿਆ, “ਅਚਾਨਕ ਅੱਗ ਦੀ ਚੰਗਿਆੜੀ ਭੜਕ ਗਈ। ਕਿਸੇ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਜਲਦੀ ਆਓ, ਅੱਗ ਲੱਗ ਗਈ ਹੈ। ਕਿਸੇ ਤਰ੍ਹਾਂ ਅਸੀਂ ਆਪਣਾ ਸਾਮਾਨ ਬਚਾਇਆ, ਪਰ ਇੱਕ ਗੱਡੀ ਸੜ ਗਈ।”
ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ 2-3 ਫਲਾਂ ਦੇ ਕੋਠੇ ਪੂਰੀ ਤਰ੍ਹਾਂ ਸੜ ਗਏ ਹਨ ਅਤੇ ਕੁਝ ਗੈਸ ਸਿਲੰਡਰ ਵੀ ਫਟ ਗਏ। ਅੱਗ ਦੇ ਕਾਰਣਾਂ ਦੀ ਜਾਂਚ ਜਾਰੀ ਹੈ।