ਗੁਰਦਾਸਪੁਰ: ਕਾਹਨੂੰਵਾਨ ਵਿਖੇ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਅਵਤਾਰ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ। ਅਵਤਾਰ ਸਿੰਘ ਕਾਹਨੂੰਵਾਨ ਦੇ ਰਹਿਣ ਵਾਲੇ ਸਨ ਅਤੇ ਓਥੇ ਹੀ ਬਿਜਲੀ ਵਿਭਾਗ ਵਿੱਚ ਜੇ.ਈ. ਦੇ ਤੌਰ 'ਤੇ ਸੇਵਾ ਨਿਭਾ ਰਹੇ ਸਨ। ਜਾਣਕਾਰੀ ਮੁਤਾਬਕ, ਅਵਤਾਰ ਸਿੰਘ 66 ਕੇਵੀ ਸਬ-ਸਟੇਸ਼ਨ ਵਿਖੇ ਐਸਟੀਮੇਟ ਤਿਆਰ ਕਰ ਰਹੇ ਸਨ ਕਿ ਇਸ ਦੌਰਾਨ ਉਹ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਆ ਗਏ। ਕਰੰਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਆਲੇ ਦੁਆਲੇ ਮੌਜੂਦ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਅਦ ਵਿੱਚ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪੋਸਟਮਾਰਟਮ ਕਰਵਾਇਆ ਗਿਆ। ਇਸ ਦੌਰਾਨ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਵਤਾਰ ਸਿੰਘ ਇੱਕ ਨੇਕਦਿਲ ਅਤੇ ਸਭ ਦੀ ਮਦਦ ਕਰਨ ਵਾਲੇ ਇਨਸਾਨ ਸਨ। ਉਨ੍ਹਾਂ ਦੀ ਅਚਾਨਕ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।