Wednesday, September 17, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਅੰਗਰੇਜ ਸਾਮਰਾਜ ਲਈ ਲੜਨ ਵਾਲੇ ਸਿੱਖਾਂ ਦੀ ਯਾਦ ਨਹੀਂ, ਬਲਕਿ ਕੌਮ ਲਈ ਆਪਾ ਵਾਰਨ ਵਾਲੇ ਸਿੰਘਾਂ ਦੀਆਂ ਤਸਵੀਰਾਂ ਅਜੈਬ ਘਰ ਵਿੱਚ ਲਾਵੇ ਐਸ.ਜੀ.ਪੀ.ਸੀ ਰੇਸ਼ਮ ਸਿੰਘ ਬੱਬਰ

September 15, 2021 06:59 PM


ਹਾਲੈਂਡ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਦੇ ਵੀ ਕੌਮ ਲਈ ਮਰ ਮਿਟਣ ਵਾਲੇ ਸੂਰਵੀਰਾਂ ਨੂੰ ਮਾਣ ਸਨਮਾਨ ਦੇਣ ਤੋਂ ਹਮੇਸ਼ਾਂ ਹੀ ਝਿਜਕਦੇ ਰਹੇ ਹਨ, ਕਿਉਕਿ ਇਨਾਂ ਦੀ ਡੋਰ ਨਾਗਪੁਰ ਦੇ ਹੱਥ ਵਿੱਚ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਰੇਸ਼ਮ ਸਿੰਘ ਬੱਬਰ (ਜਰਮਨੀ) ਨੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤਾ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਉਸ ਦੇ ਜਥੇਦਾਰਾਂ ਕੋਲ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਤਸਵੀਰ ਅਜੈਬਘਰ ਵਿੱਚ ਲਗਾਉਣ ਦਾ ਸਮਾਂ ਬਿੱਲਕੁਲ ਵੀ ਨਹੀਂ ਹੈ, ਜਦੋਂ ਕਿ ਦੂਜੇ ਪਾਸੇ ਇੰਗਲੈਂਡ ਵਾਸਤੇ ਲੜਨ ਵਾਲੇ ਸਾਰਾਗੜੀ ਦੇ ਸਿੱਖ ਫੌਜੀਆਂ ਦੀ ਯਾਦ ਸਿੱਧ ਕਰਦੀ ਹੈ ਕਿ ਸਿੱਖ ਕੌਮ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਜ਼ਾਦ ਪ੍ਰਭੂ ਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰਾਂ ਦੀ ਮਾਨਸਿਕਤਾ ਕਿਸ ਕਦਰ ਗੁਲਾਮ ਹੋ ਚੁੱਕੀ ਹੈ। ਉਨਾਂ ਕਿਹਾ ਕਿ ਬੜੇ ਅਫੋਸਸ ਦੀ ਗੱਲ ਹੈ ਕਿ ਜਿਹੜੇ ਜਥੇਦਾਰ ਨੇ ਕੌਮ ਨੂੰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦਰ ਸਾਹਿਬ ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਨਾਲ ਜੋੜਨਾ ਸੀ, ਉਹ ਖੁਦ ਹੀ ਦਿੱਲੀ ਦਰਬਾਰ ਦੀ ਗੁਲਾਮੀ ਨੂੰ ਹੱਸ ਹੱਸ ਕੇ ਕਬੂਲ ਕਰ ਚੁੱਕੇ ਹਨ। ਕਦੇ ਕਦਾਈ ਬਾਦਲਾਂ ਦੇ ਇਸ਼ਾਰਿਆਂ ਤੇ ਕੇਂਦਰ ਦੇ ਖਿਲਾਫ ਬੜੇ ਵੱਡੇ ਵੱਡੇ ਬਿਆਨ ਦੇ ਦੇਣਾ ਮਹਿਜ ਅਕਾਲੀ ਦਲ ਬਾਦਲ ਨੂੰ ਫਾਇਦਾ ਪਹੁੰਚਾਉਣ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਹੁੰਦਾ, ਕਿਉਕਿ ਜਥੇਦਾਰ ਓਨੀ ਦੇਰ ਕੇਂਦਰ ਦੀ ਭਾਜਪਾ ਸਰਕਾਰ ਦੇ ਹੱਕ ਵਿੱਚ ਬਿਆਨ ਦਿੰਦੇ ਰਹੇ ਹਨ, ਜਿੰਨੀ ਦੇਰ ਬਾਦਲ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਰਿਹਾ ਹੈ। ਉਨਾਂ ਕਿਹਾ ਕਿ ਹੁਣ ਜਥੇਦਾਰ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਬਿਆਨ ਇਹ ਪੁਖਤਾ ਕਰਨ ਲਈ ਦਿੱਤੇ ਜਾ ਰਹੇ ਹਨ ਕਿ ਸਿੱਖ ਇਹ ਸਮਝਣ ਕਿ ਹੁਣ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਰਿਹਾ, ਜਦੋਂ ਕਿ ਸਚਾਈ ਇਹ ਹੈ ਕਿ ਅੰਦਰ ਖਾਤੇ ਅਜੇ ਵੀ ਭਾਜਪਾ ਅਤੇ ਅਕਾਲੀ ਦਲ ਦੀ ਖਿੱਚੜੀ ਪੱਕ ਰਹੀ ਹੈ, ਕਿਉਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਅਕਾਲੀ ਦਲ ਬਾਦਲ ਦੀ ਹੋਂਦ ਨੂੰ ਪੰਜਾਬ ਵਿੱਚ ਜਿਉਦਾ ਰੱਖਣ ਲਈ ਹੀ ਭਾਜਪਾ ਨੇ ਇਹ ਦਾਅ ਖੇਡਿਆ ਹੈ। ਅਖੀਰ ਵਿੱਚ ਉਨਾਂ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਗਰੇਜ ਸਾਮਰਾਜ ਨੂੰ ਬਚਾਉਣ ਲਈ ਲੜਨ ਵਾਲੇ ਸਿੱਖਾਂ ਦੀ ਯਾਦ ਨਾਲੋਂ ਆਪਣੀ ਕੌਮ ਦੀ ਹੋ ਰਹੀ ਨਸਲਕੁਸ਼ੀ ਨੂੰ ਠੱਲ ਪਾਉਣ ਲਈ ਜਾਨਾਂ ਵਾਰ ਦੇਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਨੂੰ ਤਰਜੀਹ ਦਿੱਤੀ ਜਾਵੇ, ਫਿਰ ਹੀ ਸਮਝਿਆ ਜਾਵੇਗਾ ਕਿ ਤੁਸੀ ਸ੍ਰੀ ਹਰਗੋਬਿੰਦ ਸਾਹਿਬ ਦੇ ਵਰੋਸਾਏ ਹੋਏ ਸਿੱਖ ਕੌਮ ਦੀ ਅਜਾਦ ਹਸਦੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਾਉਣ ਦੇ ਹੱਕਦਾਰ ਹੋ।

Have something to say? Post your comment