ਨਵੀਂ ਦਿੱਲੀ, 11 ਨਵੰਬਰ: ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਸੋਮਵਾਰ ਸ਼ਾਮ ਹੋਏ ਭਿਆਨਕ ਕਾਰ ਧਮਾਕੇ ਨੇ ਰਾਜਧਾਨੀ ਨੂੰ ਦਹਿਲਾ ਦਿੱਤਾ। ਹੁੰਡਈ ਆਈ20 ਕਾਰ ਵਿੱਚ ਹੋਏ ਇਸ ਧਮਾਕੇ ਵਿੱਚ ਘੱਟੋ-ਘੱਟ ਨੌਂ ਲੋਕ ਮਾਰੇ ਗਏ, ਜਦਕਿ 20 ਤੋਂ ਵੱਧ ਜ਼ਖਮੀ ਹੋਏ ਹਨ। ਜਾਂਚ ਏਜੰਸੀਆਂ ਇਸ ਘਟਨਾ ਨੂੰ ਇੱਕ ਆਤਮਘਾਤੀ ਹਮਲਾ ਮੰਨ ਰਹੀਆਂ ਹਨ।
ਪੁਲਿਸ ਦੇ ਅਨੁਸਾਰ, ਕਾਰ ਫਰੀਦਾਬਾਦ ਤੋਂ ਦਿੱਲੀ ਆਈ ਸੀ ਅਤੇ ਤਿੰਨ ਘੰਟਿਆਂ ਤੱਕ ਸੁਨਹਿਰੀ ਮਸਜਿਦ ਦੇ ਨੇੜੇ ਖੜੀ ਰਹੀ। ਧਮਾਕੇ ਤੋਂ ਠੀਕ ਪਹਿਲਾਂ ਦੀ ਸੀਸੀਟੀਵੀ ਫੁਟੇਜ ਵਿੱਚ ਇੱਕ ਵਿਅਕਤੀ ਕਾਲਾ ਮਾਸਕ ਪਹਿਨ ਕੇ ਕਾਰ ਚਲਾਉਂਦਾ ਦਿਖਾਈ ਦਿੰਦਾ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਡਾਕਟਰ ਉਮਰ ਮੁਹੰਮਦ ਹੋ ਸਕਦਾ ਹੈ। ਉਸਦੀ ਅਸਲੀ ਤਸਵੀਰ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਹ ਇੱਕ ਸਧਾਰਨ ਡਾਕਟਰ ਵਜੋਂ ਨਜ਼ਰ ਆਉਂਦਾ ਹੈ। ਪੁਸ਼ਟੀ ਲਈ ਡੀਐਨਏ ਟੈਸਟ ਕਰਵਾਇਆ ਜਾ ਰਿਹਾ ਹੈ।
ਸੀਸੀਟੀਵੀ ਵਿਸ਼ਲੇਸ਼ਣ ਮੁਤਾਬਕ, ਕਾਰ ਸ਼ਾਮ 6:48 ਵਜੇ ਪਾਰਕਿੰਗ ਤੋਂ ਨਿਕਲੀ ਅਤੇ 6:51 ਵਜੇ ਜਦੋਂ ਲਾਲ ਬੱਤੀ ‘ਤੇ ਰੁਕੀ ਹੋਈ ਸੀ, ਉਸ ਸਮੇਂ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਦੀ ਤੀਬਰਤਾ ਇਨੀ ਸੀ ਕਿ ਆਲੇ ਦੁਆਲੇ ਖੜੀਆਂ ਵਾਹਨਾਂ ਅਤੇ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਦੁਆਰਾਂ ਨੂੰ ਵੀ ਨੁਕਸਾਨ ਪਹੁੰਚਿਆ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਮਰ ਮੁਹੰਮਦ, ਜੋ ਕਿ ਪੁਲਵਾਮਾ (ਜੰਮੂ-ਕਸ਼ਮੀਰ) ਦਾ ਰਹਿਣ ਵਾਲਾ ਹੈ, ਪੇਸ਼ੇ ਨਾਲ ਐਮਬੀਬੀਐਸ ਡਾਕਟਰ ਹੈ ਪਰ ਉਸਦੇ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਵਰਗੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਦਾ ਸ਼ੱਕ ਹੈ। ਫਰੀਦਾਬਾਦ ‘ਚ ਹਾਲ ਹੀ ਵਿੱਚ ਪਰਦਾਫਾਸ਼ ਹੋਏ ਅੱਤਵਾਦੀ ਮਾਡਿਊਲ ਤੋਂ ਬਾਅਦ ਉਹ ਫਰਾਰ ਸੀ। ਪੁਲਿਸ ਨੇ 18 ਮੋਬਾਈਲ ਫੋਨ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਪਾਕਿਸਤਾਨ ਤੋਂ ਚਲਾਏ ਜਾਣ ਦੀ ਸੰਭਾਵਨਾ ਹੈ।
ਮਾਮਲੇ ਸਬੰਧੀ ਜੰਮੂ-ਕਸ਼ਮੀਰ ਪੁਲਿਸ ਅਤੇ ਕੇਂਦਰੀ ਜਾਂਚ ਏਜੰਸੀਆਂ ਨੇ ਉਮਰ ਦੀ ਮਾਂ ਸ਼ਮੀਮਾ ਬਾਨੋ, ਭਰਾ ਆਸ਼ਿਕ ਅਹਿਮਦ, ਜ਼ਹੂਰ ਅਹਿਮਦ, ਪਲੰਬਰ ਆਮਿਰ ਰਾਸ਼ਿਦ ਮੀਰ, ਸਰਕਾਰੀ ਕਰਮਚਾਰੀ ਉਮਰ ਰਾਸ਼ਿਦ ਮੀਰ, ਅਤੇ ਬੈਂਕ ਸੁਰੱਖਿਆ ਗਾਰਡ ਤਾਰਿਕ ਮਲਿਕ ਸਮੇਤ ਛੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਸਭ ਤੋਂ ਪੁੱਛਗਿੱਛ ਜਾਰੀ ਹੈ।
ਦਿੱਲੀ ਪੁਲਿਸ ਨੇ ਮਾਮਲੇ ਵਿੱਚ UAPA, Explosives Act ਅਤੇ ਭਾਰਤੀ ਨਿਆਂ ਸੰਹਿਤਾ (BNS) ਤਹਿਤ ਕੇਸ ਦਰਜ ਕੀਤਾ ਹੈ। ਘਟਨਾ ਸਥਾਨ ‘ਤੇ ਐਨਐਸਜੀ, ਐਫਐਸਐਲ ਅਤੇ ਐਨਆਈਏ ਦੀਆਂ ਟੀਮਾਂ ਸਬੂਤ ਇਕੱਠੇ ਕਰਨ ‘ਚ ਜੁਟੀ ਹੋਈਆਂ ਹਨ।