ਇਸ ਸਾਲ ਇੰਟਰਨੈੱਟ ‘ਤੇ ਸਭ ਤੋਂ ਵੱਧ ਵਰਤੇ ਜਾਣ ਵਾਲੇ ਪਾਸਵਰਡਾਂ ਦੀ ਸੂਚੀ ਲੀਕ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚੋਟੀ ਦੇ 1,000 ਪਾਸਵਰਡਾਂ ਵਿੱਚੋਂ 25% ਸਿਰਫ਼ ਅੰਕਾਂ ‘ਤੇ ਆਧਾਰਿਤ ਸਨ।
ਸਾਈਬਰ ਸੁਰੱਖਿਆ ਮਾਹਿਰਾਂ ਦੀਆਂ ਚੇਤਾਵਨੀਆਂ ਦੇ ਬਾਵਜੂਦ, 2025 ਵਿੱਚ ਵੀ ਲੱਖਾਂ ਉਪਭੋਗਤਾਵਾਂ ਨੇ ਬਹੁਤ ਕਮਜ਼ੋਰ ਪਾਸਵਰਡ ਵਰਤੇ। “123456” ਇੱਕ ਵਾਰ ਫਿਰ ਸਭ ਤੋਂ ਆਮ ਪਾਸਵਰਡ ਬਣਿਆ।
ਚੋਟੀ ਦੇ 10 ਸਭ ਤੋਂ ਆਮ ਪਾਸਵਰਡ
ਕੰਪੈਰੀਟੈਕ (Comparitech) ਦੀ ਤਾਜ਼ਾ ਰਿਪੋਰਟ ਮੁਤਾਬਕ, ਦੋ ਅਰਬ ਤੋਂ ਵੱਧ ਉਪਭੋਗਤਾਵਾਂ ਦੇ ਡੇਟਾ ਦੇ ਵਿਸ਼ਲੇਸ਼ਣ ‘ਚ ਇਹ ਪਾਸਵਰਡ ਸਭ ਤੋਂ ਜ਼ਿਆਦਾ ਵਰਤੇ ਗਏ —
1️⃣ 123456
2️⃣ 12345678
3️⃣ 123456789
4️⃣ admin
5️⃣ 1234
6️⃣ Aa123456
7️⃣ 12345
8️⃣ password
9️⃣ 123
🔟 1234567890
ਰਿਪੋਰਟ ਦੇ ਅਨੁਸਾਰ, ਇਹ ਪਾਸਵਰਡ ਲੱਖਾਂ ਵਾਰ ਵਰਤੇ ਗਏ, ਜਿਸ ਨਾਲ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਵੱਡਾ ਖ਼ਤਰਾ ਬਣਿਆ।
ਵਿਸ਼ਲੇਸ਼ਣ ਵਿੱਚ ਚੌਕਾਣੇ ਵਾਲੇ ਨਤੀਜੇ
ਵਿਸ਼ਲੇਸ਼ਣ ਦੌਰਾਨ ਪਤਾ ਲੱਗਾ ਕਿ ਚੋਟੀ ਦੇ 1,000 ਪਾਸਵਰਡਾਂ ਵਿੱਚੋਂ 38.6% ਵਿੱਚ “123” ਸ਼ਾਮਲ ਸੀ।
ਕੇਵਲ 4% ਉਪਭੋਗਤਾਵਾਂ ਨੇ ਆਪਣੇ ਪਾਸਵਰਡ ਕਿਸੇ ਵਿਲੱਖਣ ਤਰੀਕੇ ਨਾਲ ਬਣਾਏ, ਜਦਕਿ 2.7% ਨੇ “admin” ਸ਼ਬਦ ਵਰਤਿਆ।
ਇਸ ਤੋਂ ਇਲਾਵਾ, “qwerty” ਅਤੇ “welcome” ਵਰਗੇ ਪਾਸਵਰਡਾਂ ਦੀ ਵੀ ਵਿਆਪਕ ਵਰਤੋਂ ਹੋਈ।
ਵਿਸ਼ਲੇਸ਼ਣ ਦੌਰਾਨ “Minecraft” ਸ਼ਬਦ 90,000 ਵਾਰ ਪਾਸਵਰਡਾਂ ਵਿੱਚ ਮਿਲਿਆ, ਜਦਕਿ “India@123” ਸਿਖਰਲੇ 100 ਪਾਸਵਰਡਾਂ ਵਿੱਚ 53ਵੇਂ ਸਥਾਨ ‘ਤੇ ਰਿਹਾ।
ਮਾਹਿਰਾਂ ਦੀ ਸਲਾਹ: ਪਾਸਵਰਡ 12 ਅੱਖਰ ਤੋਂ ਵੱਧ ਰੱਖੋ
ਸਾਈਬਰ ਸੁਰੱਖਿਆ ਮਾਹਿਰਾਂ ਮੁਤਾਬਕ, ਮਜ਼ਬੂਤ ਪਾਸਵਰਡ ਘੱਟੋ-ਘੱਟ 12 ਅੱਖਰ ਲੰਬੇ ਹੋਣੇ ਚਾਹੀਦੇ ਹਨ ਅਤੇ ਅੰਕ, ਅੱਖਰ ਤੇ ਚਿੰਨ੍ਹਾਂ (symbols) ਦਾ ਮਿਲਾਪ ਹੋਣਾ ਚਾਹੀਦਾ ਹੈ।
ਰਿਪੋਰਟ ਮੁਤਾਬਕ, 65.8% ਉਪਭੋਗਤਾਵਾਂ ਦੇ ਪਾਸਵਰਡ 12 ਅੱਖਰਾਂ ਤੋਂ ਘੱਟ ਸਨ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਵੀ ਇਹਨਾਂ ਵਿੱਚੋਂ ਕੋਈ ਪਾਸਵਰਡ ਵਰਤਦੇ ਹੋ, ਤਾਂ ਤੁਰੰਤ ਬਦਲਣਾ ਹੀ ਬੇਹਤਰ ਹੈ।