ਸੋਮਵਾਰ (10 ਨਵੰਬਰ 2025) ਸ਼ਾਮ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਭਿਆਨਕ ਕਾਰ ਧਮਾਕੇ ਤੋਂ ਬਾਅਦ, ਦਿੱਲੀ ਵਿੱਚ ਸੁਰੱਖਿਆ ਏਜੰਸੀਆਂ ਨੇ ਵੱਡੇ ਕਦਮ ਚੁੱਕੇ ਹਨ।
ਜਾਂਚ ਅਤੇ ਸੁਰੱਖਿਆ ਕਾਰਨਾਂ ਕਰਕੇ, ਭਾਰਤੀ ਪੁਰਾਤੱਤਵ ਸਰਵੇਖਣ (ASI) ਨੇ ਲਾਲ ਕਿਲ੍ਹੇ ਨੂੰ ਅਗਲੇ ਤਿੰਨ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹੁਣ 13 ਨਵੰਬਰ ਤੱਕ ਕਿਸੇ ਵੀ ਸੈਲਾਨੀ ਨੂੰ ਲਾਲ ਕਿਲ੍ਹਾ ਕੰਪਲੈਕਸ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।
ਟ੍ਰੈਫਿਕ ਡਾਇਵਰਟ, ਯਾਤਰੀਆਂ ਲਈ ਅਲਰਟ ਜਾਰੀ
ਧਮਾਕੇ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨੇਤਾਜੀ ਸੁਭਾਸ਼ ਮਾਰਗ ਦੇ ਦੋਵੇਂ ਪਾਸੇ ਅਤੇ ਸਰਵਿਸ ਰੋਡ ਨੂੰ ਬੰਦ ਕਰ ਦਿੱਤਾ ਹੈ।
ਚੱਟਾ ਰੇਲ ਕੱਟ ਤੋਂ ਸੁਭਾਸ਼ ਮਾਰਗ ਕੱਟ ਤੱਕ ਕਿਸੇ ਵੀ ਵਾਹਨ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਹੈ। ਪੁਲਿਸ ਨੇ ਯਾਤਰੀਆਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਦਿੱਲੀ ਵਿੱਚ ਹਾਈ ਅਲਰਟ, UAPA ਤਹਿਤ ਕੇਸ ਦਰਜ
ਧਮਾਕੇ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ ਨੇ ਪੂਰੀ ਰਾਜਧਾਨੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। IGI ਏਅਰਪੋਰਟ, ਇੰਡੀਆ ਗੇਟ, ਸੰਸਦ ਭਵਨ ਅਤੇ ਸਰਹੱਦੀ ਇਲਾਕਿਆਂ ਵਿੱਚ ਚੈਕਿੰਗ ਸਖ਼ਤ ਕਰ ਦਿੱਤੀ ਗਈ ਹੈ।
ਇਸ ਮਾਮਲੇ ਵਿੱਚ UAPA (ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ), Explosives Act ਅਤੇ ਭਾਰਤੀ ਨਿਆਂ ਸੰਹਿਤਾ (BNS) ਤਹਿਤ ਕੇਸ ਦਰਜ ਕੀਤਾ ਗਿਆ ਹੈ।
NSG ਅਤੇ FSL ਸਮੇਤ ਕਈ ਵਿਸ਼ੇਸ਼ ਟੀਮਾਂ ਘਟਨਾ ਸਥਾਨ ‘ਤੇ ਮੌਜੂਦ ਹਨ ਅਤੇ ਸਬੂਤ ਇਕੱਠੇ ਕਰ ਰਹੀਆਂ ਹਨ।