ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਮੰਗਲਵਾਰ) ਦੋ ਦਿਨਾਂ (11–12 ਨਵੰਬਰ) ਦੇ ਦੌਰੇ 'ਤੇ ਭੂਟਾਨ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਥਿੰਫੂ ਦੇ ਪਾਰੋ ਏਅਰਪੋਰਟ 'ਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨੇ ਖ਼ੁਦ ਮੋਦੀ ਦੀ ਅਗਵਾਈ ਕੀਤੀ। ਤੋਬਗੇ ਨੇ ਸੋਸ਼ਲ ਮੀਡੀਆ 'ਤੇ ਲਿਖਿਆ, “ਮੈਂ ਆਪਣੇ ਵੱਡੇ ਭਰਾ ਪ੍ਰਧਾਨ ਮੰਤਰੀ ਮੋਦੀ ਦਾ ਭੂਟਾਨ ਵਿੱਚ ਸਵਾਗਤ ਕਰਨ ਵਿੱਚ ਪੂਰੇ ਦੇਸ਼ ਨਾਲ ਸ਼ਾਮਲ ਹਾਂ।”
ਭੂਟਾਨ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, PM ਮੋਦੀ ਨੇ ਦਿੱਲੀ ਵਿੱਚ ਹੋਏ ਧਮਾਕੇ 'ਤੇ ਗਹਿਰੀ ਚਿੰਤਾ ਜਤਾਈ। ਉਨ੍ਹਾਂ ਨੇ ਕਿਹਾ, “ਅੱਜ ਮੈਂ ਇੱਥੇ ਭਾਰੀ ਮਨ ਨਾਲ ਆਇਆ ਹਾਂ। ਪੀੜਤ ਪਰਿਵਾਰਾਂ ਦਾ ਦੁੱਖ ਸਮਝਦਾ ਹਾਂ। ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।”
ਮੋਦੀ ਨੇ ਦੱਸਿਆ ਕਿ ਉਹ ਰਾਤ ਭਰ ਇਸ ਘਟਨਾ ਦੀ ਜਾਂਚ ਵਿੱਚ ਜੁਟੀਆਂ ਏਜੰਸੀਆਂ ਨਾਲ ਸੰਪਰਕ ਵਿੱਚ ਰਹੇ। “ਸਾਡੀਆਂ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣਗੀਆਂ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ,” ਉਨ੍ਹਾਂ ਨੇ ਕਿਹਾ।
ਮੋਦੀ ਦਾ ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਹੁੰਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਹੈ। ਇਸ ਦੌਰੇ ਦੌਰਾਨ ਉਹ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੁੱਕ ਅਤੇ ਪ੍ਰਧਾਨ ਮੰਤਰੀ ਤੋਬਗੇ ਨਾਲ ਮੀਟਿੰਗ ਕਰਨਗੇ।
ਮੋਦੀ ਭੂਟਾਨ ਦੇ ਚੌਥੇ ਰਾਜਾ ਜਿਗਮੇ ਸਿੰਗੇ ਵਾਂਗਚੁੱਕ ਦੇ 70ਵੇਂ ਜਨਮਦਿਨ ਸਮਾਰੋਹ 'ਚ ਸ਼ਿਰਕਤ ਕਰਨਗੇ ਅਤੇ ਦੋਵੇਂ ਨੇਤਾ 1020 ਮੈਗਾਵਾਟ ਦੇ Punatsangchhu-II ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦਾ ਸਾਂਝਾ ਉਦਘਾਟਨ ਵੀ ਕਰਨਗੇ।
ਇਹ ਦੌਰਾ ‘Neighborhood First Policy’ ਅਧੀਨ ਭਾਰਤ-ਭੂਟਾਨ ਮਿਤਰਤਾ ਦੇ ਇੱਕ ਹੋਰ ਨਵੇਂ ਅਧਿਆਇ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ।