ਤਰਨ ਤਾਰਨ, 10 ਨਵੰਬਰ: ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀ ਵਿੰਡ ਇਲਾਕੇ 'ਚ ਬੀਤੀ ਰਾਤ ਇਕ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਇਹ ਵਾਰਦਾਤ ਥਾਣਾ ਭਿੱਖੀ ਵਿੰਡ ਤੋਂ ਸਿਰਫ਼ 500 ਮੀਟਰ ਦੀ ਦੂਰੀ 'ਤੇ ਸਥਿਤ ਇੱਕ ਹੰਗਰੀ ਪੁਆਇੰਟ 'ਤੇ ਵਾਪਰੀ, ਜਿੱਥੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਸੂਤਰਾਂ ਅਨੁਸਾਰ, ਬੀਤੀ ਰਾਤ ਤਿੰਨ ਅਣਪਛਾਤੇ ਵਿਅਕਤੀ ਹੰਗਰੀ ਪੁਆਇੰਟ 'ਤੇ ਗਾਹਕ ਬਣ ਕੇ ਆਏ। ਕੁਝ ਹੀ ਪਲਾਂ ਬਾਅਦ ਉਨ੍ਹਾਂ ਨੇ ਕਰਮਚਾਰੀਆਂ ਨੂੰ ਹਥਿਆਰਾਂ ਨਾਲ ਧਮਕਾ ਕੇ ਕੈਸ਼ ਕਾਊਂਟਰ ਤੋਂ ਨਕਦੀ ਹਥਿਆ ਲਈ ਅਤੇ ਤੇਜ਼ ਰਫ਼ਤਾਰ ਮੋਟਰਸਾਈਕਲਾਂ 'ਤੇ ਫਰਾਰ ਹੋ ਗਏ।
ਥਾਣੇ ਤੋਂ ਕੇਵਲ ਕੁਝ ਸੌ ਮੀਟਰ ਦੀ ਦੂਰੀ 'ਤੇ ਵਾਪਰੀ ਇਸ ਵਾਰਦਾਤ ਨੇ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਲਾਕੇ ਦੇ ਵਪਾਰੀ ਤੇ ਨਿਵਾਸੀ ਲੋਕ ਇਸ ਘਟਨਾ ਤੋਂ ਬਾਅਦ ਡਰੇ ਹੋਏ ਹਨ ਅਤੇ ਪੁਲਿਸ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜਤਾ ਰਹੇ ਹਨ।
ਭਿੱਖੀ ਵਿੰਡ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲੁਟੇਰਿਆਂ ਦੀ ਪਛਾਣ ਤੇ ਗ੍ਰਿਫਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਵੀ ਖੰਗਾਲਣ ਸ਼ੁਰੂ ਕਰ ਦਿੱਤੇ ਹਨ।