ਹਿਸਾਰ — ਵੀਰਵਾਰ ਰਾਤ ਇੱਕ ਦਿਲ ਦਹਿਲਾਉਣ ਵਾਲੀ ਘਟਨਾ ‘ਚ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੂੰ ਹੁੜਦੰਗ ਮਚਾ ਰਹੇ ਨੌਜਵਾਨਾਂ ਨੂੰ ਰੋਕਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਣੀ ਪਈ। ਰਾਤ ਕਰੀਬ 11:30 ਵਜੇ, ਕੁਝ ਨੌਜਵਾਨਾਂ ਨੇ ਉਨ੍ਹਾਂ ‘ਤੇ ਇੱਟਾਂ ਅਤੇ ਡੰਡਿਆਂ ਨਾਲ ਹਮਲਾ ਕਰਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਦੇ ਮੁਤਾਬਕ, ਦੋਸ਼ੀ ਇੱਕ ਕਾਰ ਤੇ ਦੋ ਦੋਪਹੀਆ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੱਖ-ਵੱਖ ਪੁਲਿਸ ਟੀਮਾਂ ਦੋਸ਼ੀਆਂ ਦੀ ਭਾਲ ਕਰ ਰਹੀਆਂ ਹਨ। 57 ਸਾਲਾ ਰਮੇਸ਼ ਕੁਮਾਰ ਅਗਲੇ ਸਾਲ ਜਨਵਰੀ ਵਿੱਚ ਸੇਵਾਮੁਕਤ ਹੋਣ ਵਾਲੇ ਸਨ। ਉਹ ਪਿਛਲੇ ਦਸ ਸਾਲਾਂ ਤੋਂ ਏਡੀਜੀਪੀ ਦਫ਼ਤਰ ਵਿੱਚ ਤਾਇਨਾਤ ਸਨ ਅਤੇ ਢਾਣੀ ਸ਼ਿਆਮਲਾਲ ਗਲੀ ਨੰਬਰ 3 ‘ਚ ਪਰਿਵਾਰ ਸਮੇਤ ਰਹਿੰਦੇ ਸਨ। ਰਿਪੋਰਟਾਂ ਅਨੁਸਾਰ, ਰਾਤ 10:30 ਵਜੇ ਕੁਝ ਨੌਜਵਾਨ ਗਾਲ੍ਹਾਂ ਕੱਢਦੇ ਤੇ ਹੰਗਾਮਾ ਕਰ ਰਹੇ ਸਨ। ਰਮੇਸ਼ ਨੇ ਉਨ੍ਹਾਂ ਨੂੰ ਰੋਕਿਆ, ਪਰ ਉਹ ਚਲੇ ਗਏ। ਇੱਕ ਘੰਟੇ ਬਾਅਦ, ਉਹੀ ਨੌਜਵਾਨ ਕਾਰਾਂ ਤੇ ਬਾਈਕਾਂ ‘ਤੇ ਵਾਪਸ ਆਏ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ਵਿੱਚ ਰਮੇਸ਼ ਜ਼ਮੀਨ ‘ਤੇ ਡਿੱਗ ਪਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਪਰਿਵਾਰ ਦੇ ਬਿਆਨ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਹਮਲਾਵਰਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।