ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਚੱਲ ਰਹੇ ਰਿਸ਼ਵਤਖੋਰੀ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਇਸ ਮਾਮਲੇ ਵਿੱਚ ਡੀਆਈਜੀ ਭੁੱਲਰ ਦੇ ਕਰੀਬੀ ਸਾਥੀ ਕ੍ਰਿਸ਼ਨੂ ਸ਼ਾਰਦਾ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕਰਕੇ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਾਣਕਾਰੀ ਅਨੁਸਾਰ, ਸੀਬੀਆਈ ਨੇ ਕੋਰਟ ਵਿੱਚ ਕ੍ਰਿਸ਼ਨੂ ਦੇ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਤਾਂ ਜੋ ਉਸ ਤੋਂ ਪੁੱਛਗਿੱਛ ਕਰਕੇ ਮਾਮਲੇ ਦੇ ਹੋਰ ਪੱਖ ਖੋਲ੍ਹੇ ਜਾ ਸਕਣ। ਹਾਲਾਂਕਿ, ਕੋਰਟ ਨੇ 9 ਦਿਨਾਂ ਦਾ ਸੀਬੀਆਈ ਰਿਮਾਂਡ ਮਨਜ਼ੂਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕ੍ਰਿਸ਼ਨੂ ਸ਼ਾਰਦਾ, ਡੀਆਈਜੀ ਭੁੱਲਰ ਦਾ ਭਰੋਸੇਯੋਗ ਵਿਅਕਤੀ ਸੀ ਅਤੇ ਰਿਸ਼ਵਤ ਦੀ ਲੈਣ-ਦੇਣ ਵਿੱਚ ਦਰਮਿਆਨੇਦਾਰ ਦੀ ਭੂਮਿਕਾ ਨਿਭਾਉਂਦਾ ਸੀ। ਸੀਬੀਆਈ ਅਧਿਕਾਰੀਆਂ ਦੇ ਅਨੁਸਾਰ, ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ, ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਰਿਸ਼ਵਤ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ, ਜਿਸ ਨਾਲ ਪੰਜਾਬ ਪੁਲਿਸ ਵਿਭਾਗ ਵਿੱਚ ਹਲਚਲ ਮਚ ਗਈ ਸੀ। ਫਿਲਹਾਲ, ਸੀਬੀਆਈ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ, ਅਤੇ ਅਗਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।