ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ, ਜਦੋਂ ਦੁੱਧ ਤੋਂ ਪਾਊਡਰ ਬਣਾਉਣ ਵਾਲਾ ਸਟੀਮ ਬੋਇਲਰ ਫੱਟ ਗਿਆ। ਇਸ ਧਮਾਕੇ ਵਿੱਚ ਪਲਾਂਟ ਦੇ ਮੁੱਖ ਇੰਜੀਨੀਅਰ ਕੁਨਾਲ ਜੈਨ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਡੀਐਮਸੀ ਹਸਪਤਾਲ, ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ।
ਟਰਾਇਲ ਦੌਰਾਨ ਵਾਪਰਿਆ ਹਾਦਸਾ:
ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਕਰੀਬ 11 ਵਜੇ ਟ੍ਰਾਇਲ ਦੌਰਾਨ ਵਾਪਰਿਆ। ਉਹਨਾਂ ਕਿਹਾ ਕਿ ਬੋਇਲਰ ਨੂੰ ਸਵੇਰੇ ਮੁੜ ਚਲਾਇਆ ਜਾਣਾ ਸੀ। ਮ੍ਰਿਤਕ ਕੁਨਾਲ ਜੈਨ ਕਈ ਸਾਲਾਂ ਤੋਂ ਪਲਾਂਟ ਵਿੱਚ ਤੈਨਾਤ ਸੀ ਅਤੇ ਹਾਲ ਹੀ ਵਿੱਚ ਉਸਦੀ ਪ੍ਰਮੋਸ਼ਨ ਹੋਈ ਸੀ। ਉਹਨਾਂ ਕਿਹਾ ਕਿ ਜਾਂਚ ਲਈ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਪਰਿਵਾਰਕ ਸਵਾਲ ਅਤੇ ਜਾਂਚ ਦੀ ਮੰਗ:
ਕੁਨਾਲ ਜੈਨ ਦੀ ਪਤਨੀ ਵੀ ਵੇਰਕਾ ਮਿਲਕ ਪਲਾਂਟ ਵਿੱਚ ਕੰਮ ਕਰਦੀ ਹੈ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਕੁਨਾਲ ਨੂੰ ਦੇਰ ਰਾਤ ਫੋਨ ਕਰਕੇ ਡਿਊਟੀ 'ਤੇ ਬੁਲਾਇਆ ਗਿਆ ਸੀ, ਹਾਲਾਂਕਿ ਉਹ ਉਸ ਵੇਲੇ ਛੁੱਟੀ 'ਤੇ ਸੀ। ਪਰਿਵਾਰ ਅਤੇ ਦੋਸਤਾਂ ਨੇ ਸਵਾਲ ਉਠਾਇਆ ਹੈ ਕਿ ਉਸਨੂੰ ਕਿਸ ਨੇ ਫੋਨ ਕਰਕੇ ਬੁਲਾਇਆ ਅਤੇ ਕਿਉਂ। ਉਨ੍ਹਾਂ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।
ਪੁਲਿਸ ਦੀ ਕਾਰਵਾਈ:
ਸਰਾਭਾ ਨਗਰ ਪੁਲਿਸ ਸਟੇਸ਼ਨ ਤੋਂ ਪਹੁੰਚੇ ਜਾਂਚ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਚਾਰ ਜ਼ਖਮੀ ਹਨ। ਮਾਮਲੇ ਦੀ ਵਿਸਥਾਰ ਨਾਲ ਜਾਂਚ ਜਾਰੀ ਹੈ।
ਵਿਸ਼ਵਕਰਮਾ ਪੂਜਾ ਤੋਂ ਬਾਅਦ ਚੱਲ ਰਿਹਾ ਸੀ ਟ੍ਰਾਇਲ:
ਪਲਾਂਟ ਦੇ ਕਰਮਚਾਰੀਆਂ ਅਨੁਸਾਰ, ਵਿਸ਼ਵਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਬੋਇਲਰ ਦਾ ਟ੍ਰਾਇਲ ਚਲ ਰਿਹਾ ਸੀ, ਜਦੋਂ ਹੀਟਰ ਫਟ ਗਿਆ। ਪਲਾਂਟ ਵਿੱਚ 450 ਕਿਲੋਗ੍ਰਾਮ ਦੇ ਸਿਲੰਡਰ ਲੱਗੇ ਹਨ, ਜਿਨ੍ਹਾਂ ਦੇ ਦਬਾਅ ਕਾਰਨ ਧਮਾਕਾ ਕਾਫ਼ੀ ਭਿਆਨਕ ਸੀ।
ਪ੍ਰਸ਼ਾਸਨ ਵੱਲੋਂ ਸੁਰੱਖਿਆ ਮਾਪਦੰਡਾਂ ਦੀ ਸਮੀਖਿਆ ਕਰਨ ਅਤੇ ਤਕਨੀਕੀ ਖਾਮੀਆਂ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।