ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅੱਜ ਮੁਸ਼ਕਲਾਂ ਵੱਧ ਸਕਦੀਆਂ ਹਨ, ਕਿਉਂਕਿ ਪੰਜਾਬ ਰੋਡਵੇਜ਼, ਪਨਬਸ ਅਤੇ PRTC ਕੰਟਰੈਕਟ ਵਰਕਰਜ਼ ਯੂਨੀਅਨਾਂ ਵੱਲੋਂ ਅੱਜ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨਾਂ ਨੇ ਦੱਸਿਆ ਹੈ ਕਿ ਸੂਬੇ ਦੇ ਸਾਰੇ ਬੱਸ ਡੀਪੂਆਂ ਅਤੇ ਬੱਸ ਸਟੈਂਡਾਂ ਮੂਹਰੇ ਦੁਪਹਿਰ 12 ਤੋਂ 2 ਵਜੇ ਤੱਕ ਧਰਨਾ ਲਗਾਇਆ ਜਾਵੇਗਾ।
ਇਹ ਰੋਸ ਪ੍ਰਦਰਸ਼ਨ ਨਵੀਂ ਕਿਲੋਮੀਟਰ ਸਕੀਮ ਅਧੀਨ ਨਵੀਆਂ ਬੱਸਾਂ ਪਾਉਣ ਲਈ ਟੈਂਡਰ ਖੁੱਲ੍ਹਣ ਦੇ ਵਿਰੋਧ 'ਚ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਸਕੀਮ ਨਾਲ ਸਰਕਾਰੀ ਬੱਸ ਵਿਭਾਗ ਖਤਮ ਹੋਣ ਦੇ ਕਗਾਰ 'ਤੇ ਪਹੁੰਚ ਜਾਵੇਗਾ।
ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਅੱਜ ਦੁਪਹਿਰ 2 ਵਜੇ ਬਾਅਦ ਸਾਰੀਆਂ ਰੋਡਵੇਜ਼ ਬੱਸਾਂ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਨੈਸ਼ਨਲ ਹਾਈਵੇ ਵੀ ਜਾਮ ਕੀਤੇ ਜਾਣਗੇ।
ਮੁਲਾਜ਼ਮਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਕਈ ਵਾਰ ਮੀਟਿੰਗਾਂ 'ਚ ਮੰਗਾਂ ਮਨਜ਼ੂਰ ਕਰਨ ਤੋਂ ਬਾਅਦ ਵੀ ਉਨ੍ਹਾਂ ਤੋਂ ਮੁੱਕਰ ਜਾਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਬੱਸਾਂ ਨੂੰ ਵਿਭਾਗ ਅਧੀਨ ਲਿਆਉਣ ਨਾਲ ਨਾ ਸਿਰਫ਼ ਸਰਕਾਰੀ ਵਿਭਾਗ ਕਮਜ਼ੋਰ ਹੋਵੇਗਾ, ਸਗੋਂ ਮੁਲਾਜ਼ਮਾਂ ਨੂੰ ਤਨਖਾਹ ਲੈਣ ਲਈ ਵੀ ਹਰ ਵਾਰ ਸੰਘਰਸ਼ ਕਰਨਾ ਪਵੇਗਾ।