ਸਿੱਖ ਪੰਥ ਲਈ ਇੱਕ ਵੱਡੀ ਅਤੇ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਯਤਨਾਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਬੰਧੀ ਚੱਲ ਰਹੇ ਵਿਵਾਦ ਦਾ ਹੱਲ ਹੋ ਗਿਆ ਹੈ।
ਨਿਹੰਗ ਸਿੰਘ ਦਲਾਂ, ਸਿੱਖ ਸੰਪਰਦਾਵਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਪਹਿਲਾਂ ਗਿਆਨੀ ਕੁਲਦੀਪ ਸਿੰਘ ਦੀ ਜਥੇਦਾਰ ਵਜੋਂ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ। ਹਾਲਾਂਕਿ ਹੁਣ ਜਥੇਬੰਦੀਆਂ ਵੱਲੋਂ ਭਰੋਸਾ ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ।
ਇਸੇ ਸਬੰਧ 'ਚ 25 ਅਕਤੂਬਰ ਨੂੰ ਸਵੇਰੇ 10 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਜ਼ਿਲ੍ਹਾ ਰੂਪਨਗਰ) ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਤੇ ਵਿਸ਼ੇਸ਼ ਸਨਮਾਨ ਸਮਾਗਮ ਆਯੋਜਿਤ ਕੀਤਾ ਜਾਵੇਗਾ।
ਯਾਦ ਰਹੇ ਕਿ 10 ਮਾਰਚ ਨੂੰ SGPC ਵੱਲੋਂ ਗਿਆਨੀ ਗੜਗੱਜ ਦੀ ਦਸਤਾਰਬੰਦੀ ਕੀਤੀ ਗਈ ਸੀ, ਪਰ ਉਸ ਵੇਲੇ ਕੁਝ ਸੰਪਰਦਾਵਾਂ ਵੱਲੋਂ ਪੂਰੀ ਸਵੀਕਾਰਤਾ ਨਹੀਂ ਮਿਲੀ ਸੀ। ਹੁਣ SGPC ਨੇ ਨਵਾਂ ਪੱਤਰ ਜਾਰੀ ਕਰਕੇ ਸਾਰੇ ਨਿਹੰਗ ਸਿੰਘ ਦਲਾਂ, ਸੰਪਰਦਾਵਾਂ ਅਤੇ ਮਹਾਪੁਰਖਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪੰਥਕ ਏਕਤਾ ਦੇ ਪ੍ਰਤੀਕ ਵਜੋਂ ਸਮਾਗਮ ਵਿੱਚ ਸ਼ਮੂਲੀਅਤ ਲਈ ਸੱਦਾ ਦਿੱਤਾ ਹੈ।