ਗੁਜਰਾਤ ਦੇ ਅਹਿਮਦਾਬਾਦ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਆਮ ਤੌਰ 'ਤੇ ਘਰਾਂ ਵਿੱਚ ਔਰਤਾਂ ‘ਤੇ ਹਿੰਸਾ ਦੇ ਮਾਮਲੇ ਸੁਣੇ ਜਾਂਦੇ ਹਨ, ਪਰ ਇਸ ਵਾਰ ਇੱਕ 33 ਸਾਲਾ ਡਿਲੀਵਰੀ ਵਰਕਰ ਹਿੰਸਾ ਦਾ ਸ਼ਿਕਾਰ ਬਣਿਆ ਹੈ।
ਪੁਲਿਸ ਅਨੁਸਾਰ, ਪੀੜਤ ਵਿਅਕਤੀ ਆਪਣੇ ਘਰ ਵਿੱਚ ਸੌਂ ਰਿਹਾ ਸੀ ਜਦੋਂ ਉਸਦੀ 31 ਸਾਲਾ ਪਤਨੀ ਨੇ ਉਸ ‘ਤੇ ਪਹਿਲਾਂ ਖੌਲਦਾ ਪਾਣੀ ਅਤੇ ਫਿਰ ਤੇਜ਼ਾਬ ਸੁੱਟ ਦਿੱਤਾ। ਹਮਲੇ ਤੋਂ ਬਾਅਦ ਦੋਸ਼ੀ ਔਰਤ ਮੌਕੇ ਤੋਂ ਫਰਾਰ ਹੋ ਗਈ।
ਝੁਲਸੇ ਪਤੀ ਨੂੰ ਗੰਭੀਰ ਹਾਲਤ ਵਿੱਚ ਸੋਲਾ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੇ ਸਰੀਰ ਦਾ ਲਗਭਗ 60 ਫ਼ੀਸਦੀ ਹਿੱਸਾ ਸੜ ਚੁੱਕਾ ਹੈ।
ਪੁਲਿਸ ਦੇ ਅਨੁਸਾਰ, ਔਰਤ ਨੂੰ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦਾ ਸ਼ੱਕ ਸੀ, ਜਿਸ ਕਰਕੇ ਦੋਵਾਂ ਵਿਚਾਲੇ ਕਾਫ਼ੀ ਸਮੇਂ ਤੋਂ ਝਗੜੇ ਚੱਲ ਰਹੇ ਸਨ। ਇਹ ਜੋੜਾ ਦੋ ਸਾਲ ਪਹਿਲਾਂ ਕੋਰਟ ਮੈਰਿਜ ਕਰ ਚੁੱਕਾ ਸੀ ਅਤੇ ਦੋਵੇਂ ਦਾ ਇਹ ਦੂਜਾ ਵਿਆਹ ਸੀ।
ਸੈਟੇਲਾਈਟ ਥਾਣੇ ਦੀ ਪੁਲਿਸ ਨੇ ਦੋਸ਼ੀ ਪਤਨੀ ਖਿਲਾਫ਼ ਭਾਰਤੀ ਨਿਆਇ ਸੰਹਿਤਾ (BNS) ਦੀ ਧਾਰਾ 109 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕਰ ਲਿਆ ਹੈ। ਫੋਰੈਂਸਿਕ ਟੀਮ ਨੇ ਘਰ ਤੋਂ ਸਬੂਤ ਇਕੱਠੇ ਕਰ ਲਏ ਹਨ ਅਤੇ ਪੁਲਿਸ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਇਸ ਘਟਨਾ ਨੇ ਸਾਰੇ ਇਲਾਕੇ ਨੂੰ ਦਹਿਸ਼ਤ ਅਤੇ ਹੈਰਾਨੀ ਵਿੱਚ ਪਾ ਦਿੱਤਾ ਹੈ। ਲੋਕ ਕਹਿ ਰਹੇ ਹਨ ਕਿ ਘਰੇਲੂ ਕਲੇਸ਼ ਕਦੋਂ ਜਾਨਲੇਵਾ ਰੂਪ ਲੈ ਲਵੇ, ਕਿਹਾ ਨਹੀਂ ਜਾ ਸਕਦਾ।