ਦੀਵਾਲੀ ਦੇ ਤਿਉਹਾਰ ਤੋਂ ਬਾਅਦ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ। ਖ਼ਾਸ ਤੌਰ ‘ਤੇ ਜਲੰਧਰ ਵਿੱਚ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਹੋ ਗਿਆ ਹੈ, ਜਿੱਥੇ ਏਅਰ ਕੁਆਲਿਟੀ ਇੰਡੈਕਸ (AQI) 500 ਤੋਂ ਵੱਧ ਦਰਜ ਕੀਤਾ ਗਿਆ। ਇਸ ਵਾਰ ਦੀਵਾਲੀ ਦੋ ਦਿਨ—ਸੋਮਵਾਰ ਤੇ ਮੰਗਲਵਾਰ—ਮਨਾਈ ਗਈ, ਜਿਸ ਦੌਰਾਨ ਪਟਾਕਿਆਂ ਦੀ ਬੇਤਹਾਸਾ ਵਰਤੋਂ ਨਾਲ ਹਵਾ ਵਿੱਚ ਜ਼ਹਿਰੀਲੇ ਧੂੰਏਂ ਦੀ ਮਾਤਰਾ ਬਹੁਤ ਵੱਧ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਸੋਮਵਾਰ ਰਾਤ 9 ਵਜੇ AQI 269 ਸੀ ਜੋ ਮੰਗਲਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ 500 ਤੱਕ ਪਹੁੰਚ ਗਿਆ। ਸਵੇਰੇ 3 ਵਜੇ ਇਹ ਘੱਟ ਹੋ ਕੇ 417 ਅਤੇ 6 ਵਜੇ 329 ਹੋ ਗਿਆ। ਇਸਦੇ ਉਲਟ, ਏਅਰ ਕੁਆਲਿਟੀ ਇੰਡੈਕਸ ਮਾਨੀਟਰ ਵੈੱਬਸਾਈਟ ਨੇ ਹੋਰ ਵੀ ਡਰਾਉਣੇ ਅੰਕੜੇ ਜਾਰੀ ਕੀਤੇ—ਰਾਤ 10 ਵਜੇ 620, 11 ਵਜੇ 716, ਅੱਧੀ ਰਾਤ 650, ਅਤੇ ਸਵੇਰੇ 2 ਵਜੇ 753 ਤੱਕ ਰੀਡਿੰਗ ਦਰਜ ਕੀਤੀ ਗਈ। ਇਸ ਨਾਲ ਸਵੇਰ ਦੇ ਸਮੇਂ ਸ਼ਹਿਰ ਧੁੰਦ ਦੀ ਚਾਦਰ ਹੇਠ ਦੱਬਿਆ ਰਿਹਾ। ਦਿਨ ਚੜ੍ਹਦੇ ਤਾਪਮਾਨ ਨਾਲ ਹਵਾ ਕੁਝ ਹੱਦ ਤੱਕ ਸਾਫ਼ ਹੋਈ, ਪਰ ਸ਼ਾਮ 6 ਵਜੇ ਤੋਂ ਬਾਅਦ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਦਾ ਪੱਧਰ ਮੁੜ ਵਧ ਗਿਆ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਛੇ ਦਿਨ ਮੌਸਮ ਸਾਫ਼ ਰਹੇਗਾ, ਹਾਲਾਂਕਿ ਸਵੇਰ ਤੇ ਸ਼ਾਮ ਠੰਢੇ ਰਹਿਣਗੇ ਅਤੇ ਧੁੱਪ ਕਾਰਨ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋ ਸਕਦਾ ਹੈ।