ਕੋਟਕਪੂਰਾ ਸ਼ਹਿਰ ਵਿੱਚ ਦੇਰ ਸ਼ਾਮ ਪਟਾਖਿਆਂ ਦੀ ਸਟਾਲ ਲਗਾ ਕੇ ਬੈਠੇ ਦੁਕਾਨਦਾਰਾਂ ‘ਤੇ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਹਮਲੇ ਵਿੱਚ ਇਕ ਨੌਜਵਾਨ ਗੰਭੀਰ ਤੌਰ ‘ਤੇ ਜਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਮੰਨੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਜਖਮੀ ਦੇ ਭਰਾ ਲਲਿਤ ਨੇ ਦੱਸਿਆ ਕਿ ਬੀਤੇ ਕੱਲ੍ਹ ਉਹਨਾਂ ਦੀ ਸਟਾਲ ‘ਤੇ ਕੁਝ ਲੜਕੇ ਆਏ ਅਤੇ ਮਾਰਕੁੱਟ ਕਰਨ ਲੱਗੇ। ਲੋਕਾਂ ਨੇ ਵਿਚਕਾਰ ਕਰਕੇ ਲੜਾਈ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰ ਨੇ ਲਗਭਗ 10 ਹਜ਼ਾਰ ਰੁਪਏ ਚੋਰੀ ਕਰ ਲਏ। ਇਸ ਸਬੰਧੀ ਉਨ੍ਹਾਂ ਨੇ ਸਿਟੀ ਕੋਟਕਪੂਰਾ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਲਲਿਤ ਨੇ ਦੱਸਿਆ ਕਿ ਦੇਰ ਸ਼ਾਮ ਜਦ ਉਹ ਸਟਾਲ ‘ਤੇ ਪਟਾਖੇ ਵੇਚ ਰਹੇ ਸਨ, ਉਹੀ ਹਮਲਾਵਰ ਮੁੜ ਆਏ ਅਤੇ ਤਿੰਨ ਫਾਇਰ ਕਰ ਦਿੱਤੇ। ਇਸ ਦੌਰਾਨ ਉਸ ਦੇ ਚਚੇਰੇ ਭਰਾ ਦੇ ਪੇਟ ‘ਚ ਗੋਲੀ ਵੱਜੀ। ਹਮਲਾਵਰ ਇਸ ਤੋਂ ਬਾਅਦ ਫਰਾਰ ਹੋ ਗਏ। ਜਖਮੀ ਨੂੰ ਤੁਰੰਤ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਲਲਿਤ ਨੇ ਪੁਲਿਸ ‘ਤੇ ਇਲਜ਼ਾਮ ਲਗਾਇਆ ਕਿ ਪਹਿਲਾਂ ਵੀ ਉਨ੍ਹਾਂ ਹਮਲਾਵਰਾਂ ਨਾਲ ਝਗੜਾ ਹੋਇਆ ਸੀ ਅਤੇ ਉਸ ਸਬੰਧੀ ਸ਼ਿਕਾਇਤ ਦਿੱਤੀ ਗਈ, ਪਰ ਕੋਈ ਕਾਰਵਾਈ ਨਹੀਂ ਹੋਈ। ਕੱਲ੍ਹ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਜਿਸ ਕਾਰਨ ਹਮਲਾਵਰ ਨੇ ਗੋਲੀ ਚਲਾ ਦਿੱਤੀ। ਉਨ੍ਹਾਂ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ।