ਮੁੰਬਈ, 15 ਅਕਤੂਬਰ, 2025 — ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਪ੍ਰਸਿੱਧ ਚਿਹਰਿਆਂ ਵਿੱਚੋਂ ਇੱਕ ਅਤੇ 'ਮਹਾਭਾਰਤ' ਦੇ 'ਕਰਨ' ਦੇ ਰੂਪ ਵਿੱਚ ਘਰ-ਘਰ ਪ੍ਰਸਿੱਧ ਹੋਏ ਦਿੱਗਜ ਅਦਾਕਾਰ ਪੰਕਜ ਧੀਰ ਦਾ ਬੁੱਧਵਾਰ ਸਵੇਰੇ 11:30 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਨੇ ਪੂਰੇ ਮਨੋਰੰਜਨ ਜਗਤ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਫਿਲਹਾਲ ਮੌਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਹਿਕਰਮੀ ਅਦਾਕਾਰ ਹੈਰਾਨ ਅਤੇ ਦੁਖੀ ਹਨ।
‘ਮਹਾਭਾਰਤ’ ਦੇ ‘ਅਰਜੁਨ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਫਿਰੋਜ਼ ਖਾਨ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ, “ਹਾਂ, ਇਹ ਸੱਚ ਹੈ ਕਿ ਪੰਕਜ ਹੁਣ ਸਾਡੇ ਵਿਚਕਾਰ ਨਹੀਂ ਰਹੇ। ਮੈਂ ਇੱਕ ਬਹੁਤ ਵਧੀਆ ਦੋਸਤ ਗੁਆ ਲਿਆ ਹੈ। ਉਹ ਸਿਰਫ਼ ਇਕ ਸ਼ਾਨਦਾਰ ਅਦਾਕਾਰ ਹੀ ਨਹੀਂ, ਸਗੋਂ ਬਹੁਤ ਚੰਗੇ ਇਨਸਾਨ ਵੀ ਸਨ।” ਉਨ੍ਹਾਂ ਨੇ ਹੋਰ ਕਿਹਾ, “ਮੈਂ ਅਜੇ ਵੀ ਯਕੀਨ ਨਹੀਂ ਕਰ ਪਾ ਰਿਹਾ ਕਿ ਪੰਕਜ ਨਹੀਂ ਰਹੇ। ਇਹ ਸਾਡੇ ਸਭ ਲਈ ਬੇਹੱਦ ਦੁਖਦਾਈ ਖ਼ਬਰ ਹੈ।”
‘ਕਰਨ’ ਦਾ ਕਿਰਦਾਰ ਬਣਿਆ ਅਮਰ ਪਛਾਣ
ਪੰਕਜ ਧੀਰ ਨੇ ਬੀ.ਆਰ. ਚੋਪੜਾ ਦੀ ਪ੍ਰਸਿੱਧ ਟੈਲੀਵਿਜ਼ਨ ਸੀਰੀਜ਼ ਮਹਾਭਾਰਤ (1988) ਵਿੱਚ ‘ਸੂਰਯਪੁੱਤਰ ਕਰਨ’ ਦਾ ਕਿਰਦਾਰ ਇਸ ਤਰ੍ਹਾਂ ਨਿਭਾਇਆ ਕਿ ਉਹ ਘਰ-ਘਰ ਇਸ ਨਾਮ ਨਾਲ ਜਾਣੇ ਜਾਣ ਲੱਗੇ। ਉਨ੍ਹਾਂ ਦੇ ਗੰਭੀਰ ਤੇ ਸ਼ਕਤੀਸ਼ਾਲੀ ਅਭਿਨੈ ਨੇ ਕਰਨ ਦੇ ਕਿਰਦਾਰ ਨੂੰ ਅਮਰਤਾ ਬਖ਼ਸ਼ੀ। ਅੱਜ ਵੀ ਟੈਲੀਵਿਜ਼ਨ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਭੂਮਿਕਾ ਵਿੱਚ ਯਾਦ ਕਰਦੇ ਹਨ।
ਧੀਰ ਨੇ ਸਿਰਫ਼ ਟੈਲੀਵਿਜ਼ਨ ਹੀ ਨਹੀਂ, ਬਲਕਿ ਕਈ ਫ਼ਿਲਮਾਂ ਵਿੱਚ ਵੀ ਆਪਣਾ ਅਦਾਕਾਰੀ ਜੋਹਰ ਦਿਖਾਇਆ। ਉਹ ‘ਸੌਗੰਧ’, ‘ਤਹਲਕਾ’, ‘ਬਹਾਦੁਰ’, ਅਤੇ ‘ਬੇਟਾ ਹੋ ਤੋ ਐਸਾ’ ਵਰਗੀਆਂ ਹਿੰਦੀ ਫ਼ਿਲਮਾਂ ਵਿੱਚ ਵੀ ਨਜ਼ਰ ਆਏ। ਹਾਲੀਆਂ ਵਰ੍ਹਿਆਂ ਵਿੱਚ ਉਹ ਟੀਵੀ ਸ਼ੋਅਜ਼ ਅਤੇ ਵੈੱਬ ਸੀਰੀਜ਼ ਵਿੱਚ ਵੀ ਐਕਟਿਵ ਰਹੇ ਸਨ।
ਫਿਲਮ ਇੰਡਸਟਰੀ ‘ਚ ਸ਼ੋਕ ਦੀ ਲਹਿਰ
ਅਦਾਕਾਰ ਦੇ ਦੇਹਾਂਤ ਦੀ ਖ਼ਬਰ ਆਉਣ ਤੋਂ ਬਾਅਦ ਬਾਲੀਵੁੱਡ ਅਤੇ ਟੈਲੀਵਿਜ਼ਨ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅਦਾਕਾਰ ਸੋਨੂ ਸੋਢ, ਰੋਹਿਤ ਰਾਏ, ਅਤੇ ਅਸ਼ਵਿਨੀ ਕਲਸੇਕਰ ਨੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਪਰਿਵਾਰ ਲਈ ਸੰਵੇਦਨਾ ਜਤਾਈ।