ਪੰਜਾਬੀ ਗਾਇਕ, ਅਦਾਕਾਰ ਅਤੇ ਪ੍ਰੋਡਿਊਸਰ ਨੀਰਜ ਸਾਹਨੀ ਨੂੰ ਪਾਕਿਸਤਾਨ ਵਿੱਚ ਲੁਕੇ ਗੈਂਗਸਟਰ ਅਤੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਰਿੰਦਾ ਨੇ ਵੀਡੀਓ ਕਾਲ ਰਾਹੀਂ ਸਾਹਨੀ ਤੋਂ 1 ਕਰੋੜ 20 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਰਕਮ ਨਾ ਦੇਣ 'ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਖਤਮ ਕਰਨ ਦੀ ਚੇਤਾਵਨੀ ਦਿੱਤੀ ਹੈ।
ਸਾਹਨੀ ਨੇ ਇਸ ਸਬੰਧ ਵਿੱਚ ਮੋਹਾਲੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੰਗ ਕੀਤੀ ਹੈ ਕਿ ਉਸਦਾ ਅਤੇ ਉਸਦੇ ਪਰਿਵਾਰ ਦਾ ਸੁਰੱਖਿਆ ਪ੍ਰਬੰਧ ਕੀਤਾ ਜਾਵੇ। ਗਾਇਕ ਨੇ ਪੁਲਿਸ ਨੂੰ ਵੀਡੀਓ ਕਾਲ ਨਾਲ ਸਬੰਧਤ ਸਾਰੇ ਸਬੂਤ ਵੀ ਸੌਂਪੇ ਹਨ।
ਆਪਣੀ ਸ਼ਿਕਾਇਤ ਵਿੱਚ ਨੀਰਜ ਸਾਹਨੀ ਨੇ ਦੱਸਿਆ ਕਿ ਉਹ ਸੈਕਟਰ 88, ਮੋਹਾਲੀ ਵਿੱਚ ਰਹਿੰਦਾ ਹੈ ਜਦੋਂ ਕਿ ਉਸਦੀ ਕੰਪਨੀ ਸੈਕਟਰ 75 ਵਿੱਚ ਸਥਿਤ ਹੈ। 6 ਅਕਤੂਬਰ ਦੀ ਸਵੇਰੇ 3:20 ਵਜੇ, ਉਸਦੇ ਫੋਨ 'ਤੇ ਇੱਕ ਵੀਡੀਓ ਕਾਲ ਆਈ, ਜਿਸ ਦੌਰਾਨ ਇੱਕ ਵਿਅਕਤੀ ਨੇ ਆਪਣੀ ਪਛਾਣ ਹਰਵਿੰਦਰ ਸਿੰਘ ਰਿੰਦਾ ਵਜੋਂ ਕਰਵਾਈ।
ਆਰੋਪੀ ਨੇ ਕਿਹਾ ਕਿ ਸਾਹਨੀ ਨੂੰ ₹1.20 ਕਰੋੜ ਦਾ ਇੰਤਜ਼ਾਮ ਕਰਨਾ ਪਵੇਗਾ, ਨਹੀਂ ਤਾਂ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਰਿੰਦਾ ਨੇ ਕਾਲ ਦੌਰਾਨ ਦਾਅਵਾ ਕੀਤਾ ਕਿ ਉਸਦੇ ਪਾਕਿਸਤਾਨੀ ਅੱਤਵਾਦੀਆਂ ਨਾਲ ਸੰਬੰਧ ਹਨ ਅਤੇ ਉਹ ਸਾਹਨੀ ਦੇ ਘਰ 'ਤੇ ਹਮਲਾ ਕਰ ਸਕਦਾ ਹੈ। ਉਸਨੇ ਇਹ ਵੀ ਕਿਹਾ ਕਿ ਇਹ ਪੈਸੇ ਦਿਲਪ੍ਰੀਤ ਨਾਮਕ ਵਿਅਕਤੀ ਨੂੰ ਦੇਣੇ ਹੋਣਗੇ।