ਚੇਨਈ ਅਧਾਰਤ ਫਾਰਮਾ ਕੰਪਨੀ ਸ਼੍ਰੀਸਨ ਮੈਡੀਕਲਜ਼ ਦੇ ਮਾਲਕ ਐਸ. ਰੰਗਾਨਾਥਨ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਮੱਧ ਪ੍ਰਦੇਸ਼ ਵਿੱਚ ਜ਼ਹਿਰੀਲੇ 'ਕੋਲਡ੍ਰਿਫ' ਕਫ ਸੀਰਪ ਨਾਲ ਹੋਈਆਂ 20 ਬੱਚਿਆਂ ਦੀਆਂ ਮੌਤਾਂ ਦੇ ਮਾਮਲੇ ਦਾ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਰੰਗਾਨਾਥਨ ਆਪਣੀ ਪਤਨੀ ਸਮੇਤ ਕਈ ਦਿਨਾਂ ਤੋਂ ਫਰਾਰ ਸੀ ਅਤੇ ਉਸ 'ਤੇ ₹20,000 ਦਾ ਇਨਾਮ ਘੋਸ਼ਿਤ ਕੀਤਾ ਗਿਆ ਸੀ। ਵਿਸ਼ੇਸ਼ ਜਾਂਚ ਟੀਮ (SIT) ਨੇ ਗੁਪਤ ਸੂਚਨਾ ਅਤੇ ਇਲੈਕਟ੍ਰਾਨਿਕ ਸਰਵੇਲੈਂਸ ਦੇ ਆਧਾਰ 'ਤੇ ਉਸ ਨੂੰ ਚੇਨਈ ਦੇ ਅਸ਼ੋਕ ਨਗਰ ਖੇਤਰ ਦੇ ਇੱਕ ਅਪਾਰਟਮੈਂਟ ਤੋਂ ਗ੍ਰਿਫਤਾਰ ਕੀਤਾ। ਛਿੰਦਵਾੜਾ ਦੇ ਐਸਪੀ ਅਜੇ ਪਾਂਡੇ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਦੋਸ਼ੀ ਨੂੰ ਚੇਨਈ ਦੀ ਅਦਾਲਤ ਵਿੱਚ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ 'ਤੇ ਭੋਪਾਲ ਲਿਆਂਦਾ ਜਾਵੇਗਾ।
SIT ਹੁਣ ਉਸ ਤੋਂ ਸੀਰਪ ਦੇ ਨਿਰਮਾਣ ਪ੍ਰਕਿਰਿਆ, ਕੱਚੇ ਮਾਲ ਦੀ ਸਪਲਾਈ, ਵੰਡ ਨੈੱਟਵਰਕ ਅਤੇ ਲਾਇਸੈਂਸ ਬੇਨਿਯਮੀਆਂ ਬਾਰੇ ਪੁੱਛਗਿੱਛ ਕਰੇਗੀ। ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ 'ਕੋਲਡ੍ਰਿਫ' ਕਫ ਸੀਰਪ ਨਾਲ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਬੀਤੇ 24 ਘੰਟਿਆਂ ਵਿੱਚ ਤਿੰਨ ਹੋਰ ਬੱਚਿਆਂ ਨੇ ਦਮ ਤੋੜ ਦਿੱਤਾ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 20 ਹੋ ਗਈ ਹੈ।
ਪ੍ਰਾਰੰਭਿਕ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਸੀਰਪ ਵਿੱਚ ਡਾਈਥਾਈਲੀਨ ਗਲਾਈਕੋਲ (Diethylene Glycol - DEG) ਨਾਮਕ ਉਦਯੋਗਿਕ ਕੈਮੀਕਲ ਮਿਲਾਇਆ ਗਿਆ ਸੀ, ਜੋ ਮਨੁੱਖੀ ਸੇਵਨ ਲਈ ਮਨ੍ਹਾਂ ਹੈ। ਇਸਦੀ ਮਾਤਰਾ ਪ੍ਰਵਾਨਿਤ ਸੀਮਾ ਤੋਂ ਲਗਭਗ 500 ਗੁਣਾ ਵੱਧ ਪਾਈ ਗਈ। ਇਸ ਕਾਰਨ ਬੱਚਿਆਂ ਦੀਆਂ ਕਿਡਨੀਆਂ ਫੇਲ੍ਹ ਹੋਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਛਿੰਦਵਾੜਾ ਦੇ ਪਰਾਸੀਆ ਥਾਣੇ ਵਿੱਚ 5 ਅਕਤੂਬਰ ਨੂੰ ਸ਼੍ਰੀਸਨ ਮੈਡੀਕਲਜ਼, ਬਾਲ ਰੋਗ ਮਾਹਿਰ ਡਾ. ਪ੍ਰਵੀਨ ਸੋਨੀ ਅਤੇ ਹੋਰਾਂ ਖ਼ਿਲਾਫ਼ FIR ਦਰਜ ਕੀਤੀ ਗਈ ਸੀ। ਡਾ. ਸੋਨੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਤਾਮਿਲਨਾਡੂ ਸਰਕਾਰ ਨੇ ਕਾਂਚੀਪੁਰਮ ਸਥਿਤ ਸ਼੍ਰੀਸਨ ਫਾਰਮਾ ਪਲਾਂਟ ਨੂੰ ਸੀਲ ਕਰ ਦਿੱਤਾ ਹੈ, ਜਿੱਥੇ ਪਿਛਲੇ 14 ਸਾਲਾਂ ਤੋਂ ਗੁਣਵੱਤਾ ਮਾਪਦੰਡਾਂ ਦੀ ਅਣਦੇਖੀ ਕੀਤੀ ਜਾ ਰਹੀ ਸੀ।
ਇਸ ਘਟਨਾ ਤੋਂ ਬਾਅਦ ਮੱਧ ਪ੍ਰਦੇਸ਼, ਕੇਰਲ, ਪੰਜਾਬ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਨੇ 'ਕੋਲਡ੍ਰਿਫ' ਕਫ ਸੀਰਪ 'ਤੇ ਤੁਰੰਤ ਪਾਬੰਦੀ ਲਾ ਦਿੱਤੀ ਹੈ। ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (DGHS) ਨੇ ਵੀ ਸਾਰੇ ਰਾਜਾਂ ਨੂੰ ਦਵਾਈਆਂ ਦੀ ਗੁਣਵੱਤਾ ਦੀ ਸਖ਼ਤ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਮਾਮਲਾ ਨਾ ਸਿਰਫ਼ ਫਾਰਮਾ ਉਦਯੋਗ ਦੀ ਨਿਗਰਾਨੀ ਪ੍ਰਣਾਲੀ ਤੇ ਸਵਾਲ ਖੜ੍ਹੇ ਕਰਦਾ ਹੈ, ਸਗੋਂ ਇਹ ਦਰਸਾਉਂਦਾ ਹੈ ਕਿ ਦਵਾਈਆਂ ਦੀ ਗੁਣਵੱਤਾ 'ਤੇ ਲਾਪਰਵਾਹੀ ਕਿੰਨੀ ਮਾਸੂਮ ਜ਼ਿੰਦਗੀਆਂ ਦੀ ਕੀਮਤ 'ਤੇ ਖਤਮ ਹੋ ਸਕਦੀ ਹੈ।