ਮੋਗਾ, 16 ਸਤੰਬਰ, 2025: ਮੋਗਾ ਜ਼ਿਲ੍ਹੇ ਦਾ 25 ਸਾਲਾ ਬੂਟਾ ਸਿੰਘ, ਜੋ ਪਿਛਲੇ ਸਾਲ ਅਕਤੂਬਰ ਵਿੱਚ ਸਟੂਡੈਂਟ ਵੀਜ਼ੇ 'ਤੇ ਰੂਸ ਗਿਆ ਸੀ, ਧੋਖੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਨੇ ਉਸਦੀ ਪੜ੍ਹਾਈ ਲਈ ਜ਼ਮੀਨ ਤੱਕ ਵੇਚ ਦਿੱਤੀ ਸੀ, ਪਰ ਹੁਣ ਇੱਕ ਵਾਇਰਲ ਵੀਡੀਓ ਨੇ ਸੱਚਾਈ ਬੇਨਕਾਬ ਕਰ ਦਿੱਤੀ। ਵੀਡੀਓ ਵਿੱਚ ਬੂਟਾ ਸਿੰਘ ਅਤੇ ਹੋਰ ਨੌਜਵਾਨ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਪੜ੍ਹਾਈ ਦੇ ਨਾਂ 'ਤੇ ਬੁਲਾਇਆ ਗਿਆ ਸੀ, ਪਰ ਧੋਖੇ ਨਾਲ ਰੂਸੀ ਫੌਜ (Russian Army) ਵਿੱਚ ਭਰਤੀ ਕਰਕੇ ਸਿੱਧਾ ਰੂਸ-ਯੂਕਰੇਨ ਯੁੱਧ ਵਿੱਚ ਭੇਜ ਦਿੱਤਾ ਗਿਆ।
ਬੂਟਾ ਸਿੰਘ ਦੀ ਭੈਣ ਕਰਮਜੀਤ ਕੌਰ ਨੇ ਦੱਸਿਆ ਕਿ ਆਖਰੀ ਵਾਰ ਉਸਦਾ ਵਟਸਐਪ ਵੌਇਸ ਸੁਨੇਹਾ 11 ਸਤੰਬਰ ਨੂੰ ਮਿਲਿਆ ਸੀ। ਉਸ ਤੋਂ ਬਾਅਦ ਪਰਿਵਾਰ ਨੂੰ ਉਸਦੀ ਕੋਈ ਖ਼ਬਰ ਨਹੀਂ। ਮਜ਼ਦੂਰੀ ਕਰਦੇ ਪਿਤਾ ਅਤੇ ਘਰੇਲੂ ਕੰਮ ਕਰਦੀ ਮਾਂ ਦਾ ਆਸਰਾ ਹੁਣ ਸਿਰਫ਼ ਸਰਕਾਰ 'ਤੇ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਸੁਰੱਖਿਅਤ ਵਾਪਸ ਲਿਆਏ।
ਨੌਕਰੀ ਦਾ ਲਾਲਚ ਤੇ ਯੁੱਧ ਦਾ ਮੈਦਾਨ
ਰਿਪੋਰਟਾਂ ਮੁਤਾਬਕ, ਨੌਜਵਾਨਾਂ ਨੂੰ ਸੁਰੱਖਿਆ ਨੌਕਰੀਆਂ ਦੇ ਲਾਲਚ ਵਿੱਚ ਫਸਾਇਆ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਤਿੰਨ ਮਹੀਨਿਆਂ ਦੀ ਸਿਖਲਾਈ ਮਗਰੋਂ 2.5 ਲੱਖ ਰੁਪਏ ਮਹੀਨਾਵਾਰ ਮਿਲਣਗੇ। ਰੂਸੀ ਭਾਸ਼ਾ ਵਿੱਚ ਇਕਰਾਰਨਾਮੇ 'ਤੇ ਦਸਤਖਤ ਵੀ ਕਰਵਾਏ ਗਏ। ਪਰ ਹਕੀਕਤ ਵਿੱਚ ਕੁਝ ਦਿਨਾਂ ਦੀ ਟ੍ਰੇਨਿੰਗ ਦੇ ਬਾਅਦ ਉਨ੍ਹਾਂ ਨੂੰ ਫੌਜੀ ਵਰਦੀਆਂ ਪਹਿਨਾ ਕੇ ਜੰਗ ਦੇ ਮੋਰਚੇ 'ਤੇ ਭੇਜ ਦਿੱਤਾ ਗਿਆ।
ਭਾਰਤ ਸਰਕਾਰ ਵੱਲੋਂ ਚੇਤਾਵਨੀ
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਨੇ ਰੂਸ ਨੂੰ ਤੁਰੰਤ ਅਜਿਹੀ ਭਰਤੀ ਦੀ ਪ੍ਰਥਾ ਬੰਦ ਕਰਨ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਵੀ ਭਾਰਤੀ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੀਆਂ ਪੇਸ਼ਕਸ਼ਾਂ ਦਾ ਸ਼ਿਕਾਰ ਨਾ ਹੋਣ, ਕਿਉਂਕਿ ਇਸ ਨਾਲ ਸਿੱਧਾ ਜਾਨ ਦਾ ਖ਼ਤਰਾ ਹੈ।