ਜਲੰਧਰ, 16 ਸਤੰਬਰ, 2025: ਹੁਸ਼ਿਆਰਪੁਰ ਤੋਂ ਬਾਅਦ ਹੁਣ ਜਲੰਧਰ ਵਿੱਚ ਵੀ ਇੱਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੋਢਲ ਦੇ ਪ੍ਰੀਤ ਨਗਰ ਵਿੱਚ ਇੱਕ ਪ੍ਰਵਾਸੀ ਨੂੰ 4 ਸਾਲਾ ਬੱਚੀ ਨੂੰ ਅਗਵਾ ਕਰਕੇ ਲਿਜਾਂਦੇ ਹੋਏ ਲੋਕਾਂ ਨੇ ਰੰਗੇ ਹੱਥ ਫੜ ਲਿਆ।
ਗੁੱਸੇ ਵਿੱਚ ਆਏ ਲੋਕਾਂ ਨੇ ਉਸ ਵਿਅਕਤੀ ਦੀ ਰੱਸੀਆਂ ਨਾਲ ਬੰਨ੍ਹ ਕੇ ਜ਼ਬਰਦਸਤ ਛਿੱਤਰ-ਪਰੇਡ ਕੀਤੀ ਅਤੇ ਚੱਪਲਾਂ ਨਾਲ ਪੀਟਿਆ। ਫਿਰ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ ਅਧਿਕਾਰੀ ਦੇ ਅਨੁਸਾਰ, ਵਿਅਕਤੀ ਬੱਚੀ ਨੂੰ ਸਕੂਲ ਤੋਂ ਆਉਂਦੇ ਸਮੇਂ ਅਗਵਾ ਕਰਕੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਛੇੜਛਾੜ ਦਾ ਕੋਈ ਸਿੱਧਾ ਸਬੂਤ ਫਿਲਹਾਲ ਨਹੀਂ ਮਿਲਿਆ ਹੈ। ਪੀੜਤ ਪਰਿਵਾਰ ਵੱਲੋਂ ਅਗਵਾ ਦੀ ਸ਼ਿਕਾਇਤ ਦਿੱਤੀ ਗਈ ਹੈ।
ਡਿਵੀਜ਼ਨ ਨੰਬਰ-8 ਦੇ ਐੱਸ.ਐੱਚ.ਓ. ਰਾਜਵਿੰਦਰ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਵਿਜੇ ਨਾਂ ਦੇ ਪ੍ਰਵਾਸੀ ਵਜੋਂ ਹੋਈ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਨੇ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਵੀ ਕੀਤੀ। ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਉਸਦੀ ਰਿਪੋਰਟ ਦੇ ਆਧਾਰ 'ਤੇ ਅੱਗੇਰੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ ਸਾਬਤ ਹੋਣ 'ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ।