ਨਵੀਂ ਦਿੱਲੀ, 16 ਸਤੰਬਰ 2025 – ਆਨਲਾਈਨ ਸੱਟੇਬਾਜ਼ੀ ਐਪਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੀ ਜਾਂਚ ਦਾ ਦਾਇਰਾ ਵਧਾਉਂਦਿਆਂ ਕਈ ਵੱਡੇ ਕ੍ਰਿਕਟਰਾਂ ਅਤੇ ਫਿਲਮੀ ਹਸਤੀਆਂ ਨੂੰ ਘੇਰਿਆ ਹੈ। ਕ੍ਰਿਕਟ ਮੈਦਾਨ ਤੋਂ ਬਾਅਦ ਹੁਣ ਬਾਲੀਵੁੱਡ ਦੇ ਸਿਤਾਰੇ ਵੀ ਇਸ ਜਾਂਚ ਦੇ ਰਡਾਰ 'ਤੇ ਆ ਗਏ ਹਨ।
ਈਡੀ ਨੇ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਨੂੰ 22 ਸਤੰਬਰ, ਯੁਵਰਾਜ ਸਿੰਘ ਨੂੰ 23 ਸਤੰਬਰ ਅਤੇ ਅਦਾਕਾਰ ਸੋਨੂੰ ਸੂਦ ਨੂੰ 24 ਸਤੰਬਰ ਨੂੰ ਦਿੱਲੀ ਹੈੱਡਕੁਆਰਟਰ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਹੈ। ਏਜੰਸੀ ਨੂੰ ਸ਼ੱਕ ਹੈ ਕਿ ਇਹ ਹਸਤੀਆਂ ਗੈਰ-ਕਾਨੂੰਨੀ ਆਨਲਾਈਨ ਬੇਟਿੰਗ ਪਲੇਟਫਾਰਮਾਂ ਦਾ ਪ੍ਰਚਾਰ ਕਰਨ ਵਿੱਚ ਸ਼ਾਮਲ ਰਹੀਆਂ ਹਨ ਅਤੇ ਇਸ ਦੇ ਬਦਲੇ ਵੱਡੀ ਰਕਮ ਪ੍ਰਾਪਤ ਕੀਤੀ ਹੋ ਸਕਦੀ ਹੈ।
ਜਾਂਚ ਮੁੱਖ ਤੌਰ 'ਤੇ 1xBet ਵਰਗੇ ਪਲੇਟਫਾਰਮਾਂ ‘ਤੇ ਕੇਂਦ੍ਰਿਤ ਹੈ, ਜਿਨ੍ਹਾਂ 'ਤੇ ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਦੇ ਗੰਭੀਰ ਦੋਸ਼ ਹਨ। ਈਡੀ ਇਹ ਖੰਗਾਲ ਰਹੀ ਹੈ ਕਿ ਇਹ ਪੈਸਾ ਕਿਵੇਂ ਲੁਕਾਇਆ ਗਿਆ ਅਤੇ ਇਸ ਚੇਨ ਵਿੱਚ ਮਸ਼ਹੂਰ ਹਸਤੀਆਂ ਦੀ ਕੀ ਭੂਮਿਕਾ ਰਹੀ।
ਇਸ ਤੋਂ ਪਹਿਲਾਂ ਵੀ ਕਈ ਨਾਮ ਇਸ ਮਾਮਲੇ ਵਿੱਚ ਸਾਹਮਣੇ ਆ ਚੁੱਕੇ ਹਨ। ਕ੍ਰਿਕਟਰ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਦੀ ਪੁੱਛਗਿੱਛ ਹੋ ਚੁੱਕੀ ਹੈ। ਫਿਲਮੀ ਜਗਤ ਤੋਂ ਸਾਬਕਾ ਟੀਐਮਸੀ ਸਾਂਸਦ ਅਤੇ ਅਭਿਨੇਤਰੀ ਮਿਮੀ ਚੱਕਰਵਰਤੀ, ਬੰਗਾਲੀ ਅਦਾਕਾਰ ਅੰਕੁਸ਼ ਹਾਜਰਾ ਦੀ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਅਭਿਨੇਤਰੀ ਉਰਵਸ਼ੀ ਰੌਤੇਲਾ, ਜੋ 1xBet ਦੀ ਬ੍ਰਾਂਡ ਅੰਬੈਸਡਰ ਰਹੀ ਹੈ, ਨੂੰ ਵੀ ਸੰਮਨ ਜਾਰੀ ਕੀਤਾ ਗਿਆ ਹੈ, ਹਾਲਾਂਕਿ ਉਹ ਅਜੇ ਤੱਕ ਈਡੀ ਅੱਗੇ ਪੇਸ਼ ਨਹੀਂ ਹੋਈ।
ਅੰਦਾਜ਼ੇ ਮੁਤਾਬਕ, ਭਾਰਤ ਦਾ ਆਨਲਾਈਨ ਸੱਟੇਬਾਜ਼ੀ ਬਾਜ਼ਾਰ 100 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਹੈ ਅਤੇ ਹਰ ਸਾਲ ਲਗਭਗ 30% ਦੀ ਦਰ ਨਾਲ ਵੱਧ ਰਿਹਾ ਹੈ। ਏਜੰਸੀ ਦਾ ਮੰਨਣਾ ਹੈ ਕਿ ਇਹ ਪਲੇਟਫਾਰਮ ਨਾ ਸਿਰਫ ਲੋਕਾਂ ਨਾਲ ਕਰੋੜਾਂ ਦੀ ਠੱਗੀ ਕਰ ਰਹੇ ਹਨ, ਸਗੋਂ ਦੇਸ਼ ਦੀ ਆਰਥਿਕਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਹੇ ਹਨ।
ਸਰਕਾਰ ਅਤੇ ਜਾਂਚ ਏਜੰਸੀਆਂ ਇਸ ਗੈਰ-ਕਾਨੂੰਨੀ ਧੰਦੇ ‘ਤੇ ਨਕੇਲ ਕੱਸਣ ਦੇ ਪੂਰੇ ਐਕਸ਼ਨ ਮੋਡ ਵਿੱਚ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਨਾਮ ਵੀ ਇਸ ਜਾਂਚ ਦੇ ਦਾਇਰੇ ਵਿੱਚ ਆ ਸਕਦੇ ਹਨ।